ਕਸ਼ਮੀਰ ਨੂੰ ਭਾਰਤ ਨਾਲੋਂ ਤੋੜਨਾ ਸੰਭਵ ਨਹੀਂ: ਅਮਿਤ ਸ਼ਾਹ

ਜੰਮੂ  ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਤੇ ਭਾਜਪਾ ਇਸ ਨੂੰ ਕਦੇ ਵੀ ਦੇਸ਼ ਨਾਲੋਂ ਟੁੱਟਣ ਦੀ  ਆਗਿਆ ਨਹੀਂ ਦੇਵੇਗੀ। ਇਹ ਗੱਲ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਇੱਥੇ ਆਖੀ।  ਪੀਡੀਪੀ-ਭਾਜਪਾ ਗੱਠਜੋੜ ਸਰਕਾਰ ਡਿੱਗਣ ਤੋਂ ਬਾਅਦ ਪਹਿਲੀ ਵਾਰ ਸ੍ਰੀ ਸ਼ਾਹ ਰਾਜ ਦੇ ਦੌਰ  ’ਤੇ ਆਏ ਹਨ।
ਭਾਜਪਾ ਨੇਤਾ ਨੇ ਦਾਅਵਾ ਕੀਤਾ ਕਿ ਜਨ ਸੰਘ ਦੇ ਬਾਨੀ ਸ਼ਿਆਮਾ ਪ੍ਰਸ਼ਾਦ  ਮੁਖਰਜੀ ਦੇ ਯਤਨਾਂ ਕਰ ਕੇ ਹੀ ਜੰਮੂ ਕਸ਼ਮੀਰ ਭਾਰਤ ਦਾ ਹਿੱਸਾ ਬਣ ਸਕਿਆ। ਸ੍ਰੀ ਮੁਖਰਜੀ  ਦੀ ‘ਇਤਿਹਾਸਕ ਕੁਰਬਾਨੀ ਵਰ੍ਹੇਗੰਢ’  ਮੌਕੇ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ  ਕਿਹਾ ‘‘ ਅਸੀਂ ਕਸ਼ਮੀਰ ਨੂੰ ਕਦੇ ਵੀ ਭਾਰਤ ਨਾਲੋਂ ਟੁੱਟਣ ਦੀ ਆਗਿਆ ਨਹੀਂ ਦੇਵਾਂਗੇ।  ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ। ਸ੍ਰੀ ਮੁਖਰਜੀ ਨੇ ਪਰਜਾ ਪ੍ਰੀਸ਼ਦ ਲਹਿਰ ਨਾਲ ਰਲ  ਕੇ ਜੰਮੂ ਕਸ਼ਮੀਰ ਨੂੰ ਭਾਰਤ ਨਾਲ ਜੋੜਨ ਲਈ ਆਪਣੇ ਜੀਵਨ ਦਾ ਬਲਿਦਾਨ ਦਿੱਤਾ ਸੀ। ਉਹ  ਸਾਡੇ ਲਈ ਪ੍ਰੇਰਨਾ ਦਾ ਸਰੋਤ ਹਨ। ਜੇ ਜੰਮੂ ਕਸ਼ਮੀਰ ਅੱਜ ਭਾਰਤ ਦਾ ਹਿੱਸਾ ਬਣ ਸਕਿਆ ਤਾਂ  ਇਹ ਮੁਖਰਜੀ ਕਰ ਕੇ ਹੈ।’’ ਉਨ੍ਹਾਂ ਪਰਜਾ ਪ੍ਰੀਸ਼ਦ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ  ਸੁਤੰਤਰ ਭਾਰਤ ਦੀ ਪਹਿਲੀ ਲਹਿਰ ਸੀ ਜਿਸ ਨੇ ਜੰਮੂ ਕਸ਼ਮੀਰ ਦੇ ਭਾਰਤ ਨਾਲ ਰਲੇਵੇਂ ਨੂੰ  ਯਕੀਨੀ ਬਣਾਇਆ ਸੀ। ਇਸ ਤੋਂ ਪਹਿਲਾਂ ਸ੍ਰੀ ਸ਼ਾਹ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ  ਚੋਣਾਂ ਲਈ ਪਾਰਟੀ ਦੀਆਂ ਤਿਆਰੀਆਂ ਤੇ ਰਣਨੀਤੀ ਦਾ ਜਾਇਜ਼ਾ ਲਿਆ। ਭਾਜਪਾ ਆਗੂ ਦਾ ਪਾਰਟੀ  ਦੇ ਯੁਵਾ ਵਿੰਗ ਦੇ ਕਾਰਕੁਨਾਂ ਨੇ ਭਰਵਾਂ ਸਵਾਗਤ ਕੀਤਾ ਤੇ ਹਵਾਈ ਅੱਡੇ ਤੋਂ ਗੈਸਟ ਹਾਊਸ  ਤੱਕ ਇਕ ਮੋਟਰਸਾਈਕਲ ਰੈਲੀ ਕੱਢੀ। ਮੀਟਿੰਗ ਦੌਰਾਨ ਪਾਰਟੀ ਦੀ ਸੂਬਾਈ ਇਕਾਈ ਨੇ ਸ੍ਰੀ  ਸ਼ਾਹ ਨੂੰ ਰਾਜ ਵਿੱਚ ਰਾਜਪਾਲ ਦਾ ਸ਼ਾਸਨ ਲਾਗੂ ਕੀਤੇ ਜਾਣ ਤੋਂ ਬਾਅਦ ਦੇ ਹਾਲਾਤ ਬਾਰੇ  ਜਾਣਕਾਰੀ ਦਿੱਤੀ।
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੰਮੂ ਤੇ ਕਸ਼ਮੀਰ ਨੂੰ ਕਦੀ ਵੀ ਭਾਰਤ ਤੋਂ ਵੱਖ ਨਹੀਂ ਹੋਣ ਦੇਵੇਗੀ। ਉਨ੍ਹਾਂ ਕਾਂਗਰਸ ਆਗੂਆਂ ਗੁਲਾਮ ਨਬੀ ਆਜ਼ਾਦ ਤੇ ਸੈਫੂਦੀਨ ਸੋਜ਼ ’ਤੇ ਅਤਿਵਾਦੀਆਂ ਵਾਲੀ ਬੋਲੀ ਬੋਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜਨਾਬ ਸੋਜ਼ ਭਾਵੇਂ ਕਈ ਜਨਮ ਲੈ ਲੈਣ ਭਾਜਪਾ ਕਸ਼ਮੀਰ ਨੂੰ ਭਾਰਤ ਤੋਂ ਅਲੱਗ ਨਹੀਂ ਹੋਣ ਦੇਵੇਗੀ ਕਿਉਂਕਿ ਕਸ਼ਮੀਰ ਭਾਰਤ ਦਾ ਅਣਿੱਖੜਵਾਂ ਅੰਗ ਹੈ।