ਔਰਤ

ਮੈਂ ਹਾਂ ਇੱਕ ਔਰਤ
ਮੇਰਾ ਅਸਤਿਤਵ ਮੇਰੀ ਪਹਿਚਾਣ
ਸ਼ਰਮ, ਲਿਹਾਜ਼, ਸਹਿਣਸ਼ੀਲਤਾ, ਆਪਾ ਵਾਰਨਾ
ਇਹ ਸਭੋ ਹਨ ਮੇਰੇ ਗਹਿਣੇ
ਮਮਤਾ, ਪਿਆਰ, ਸਨੇਹ
ਤਿੰਨੇ ਹੀ ਨਾਮ ਮੇਰੇ
ਭਗਤ ਸਿੰਘ, ਰਾਜਗੁਰੂ, ਸੁਖਦੇਵ
ਜਿਹੇ ਯੋਧੇ ਮੇਰੀ ਹੀ ਪੈਦਾਇਸ਼

ਪਰ ਫਿਰ ਵੀ ਮੈਂ ਔਰਤ ਹਾਂ
ਕਿਉਂ ਤਰਸ ਦੀ ਪਾਤਰ
ਆਪਣੀ ਹੋਂਦ ਵਾਸਤੇ
ਲੜ ਰਹੀ ਹਾਂ ਮਹਾਂਯੁੱਧ
ਜਿਵੇਂ ਲੜਿਆ ਸੀ ਮਾਈ ਭਾਗੋ ਤੇ
ਰਾਣੀ ਝਾਂਸੀ ਨੇ ਜ਼ੁਲਮ ਖਿਲਾਫ਼

ਸਮੇਂ ਸਮੇਂ ਦੇ ਹਾਕਮਾਂ ਨੇ ਮੇਰੇ ਮੂੰਹ ’ਤੇ
ਚੁੱਪ ਦਾ ਤਾਲਾ ਲਗਾਉਣਾ ਚਾਹਿਆ
ਪਰ ਫਿਰ ਵੀ ਉਹ ਸੋਚਦੇ ਨੇ
ਸਾਲ ਛਿਮਾਹੀ ਬਾਅਦ ਮੇਰੇ ਬਾਰੇ
ਤੇਤੀ ਫ਼ੀਸਦੀ ਰਾਖਵੇਂਕਰਨ ਨੂੰ ਮੁੱਦਾ ਬਣਾ ਕੇ
ਝਾੜਦੇ ਨੇ ਗੋਂਗਲੂਆਂ ਤੋਂ ਮਿੱਟੀ
ਤੇ ਰੱਖ ਦਿੰਦੇ ਨੇ ਮੇਰੀ ਅਰਜ਼ੀ
ਨੂੰ ਕਿਸੇ ਫਾਈਲ ਵਿੱਚ
ਅਗਲੇ ਸਾਲ ਦੀ
ਬਹਿਸਬਾਜ਼ੀ ਵਾਸਤੇ।
– ਸਰਬਜੀਤ ਕੌਰ ਮੋਹਲਾਂ