ਏਸ਼ਿਆਈ ਖੇਡਾਂ: ਨੀਰਜ ਹੋਵੇਗਾ ਭਾਰਤੀ ਖੇਡ ਦਲ ਦਾ ਝੰਡਾਬਰਦਾਰ

ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਗ਼ਮਾ ਜੇਤੂ ਅਤੇ ਜੂਨੀਅਰ ਵਿਸ਼ਵ ਚੈਂਪੀਅਨ ਜ਼ੈਵਲਿਨ ਥਰੋਅਰ ਨੌਜਵਾਨ ਅਥਲੀਟ ਨੀਰਜ ਚੋਪੜਾ ਅਗਲੇ ਹਫ਼ਤੇ ਇੰਡੋਨੇਸ਼ੀਆ ਵਿੱਚ ਸ਼ੁਰੂ ਹੋਣ ਜਾ ਰਹੀਆਂ 18ਵੀਆਂ ਏਸ਼ਿਆਈ ਖੇਡਾਂ ਵਿੱਚ 572 ਮੈਂਬਰੀ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਹੋਵੇਗਾ। ਭਾਰਤੀ ਓਲੰਪਿਕ ਸੰਘ (ਆਈਓਏ) ਦੇ ਪ੍ਰਧਾਨ ਨਰਿੰਦਰ ਧਰੁਵ ਬਤਰਾ ਨੇ ਅੱਜ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਜਾ ਰਹੇ ਭਾਰਤੀ ਅਥਲੀਟਾਂ ਲਈ ਰੱਖੇ ਵਿਦਾਇਗੀ ਪ੍ਰੋਗਰਾਮ ਵਿੱਚ ਇਸ ਦਾ ਐਲਾਨ ਕੀਤਾ। ਇਸ ਮੌਕੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ, ਆਈਓਏ ਦੇ ਜਨਰਲ ਸਕੱਤਰ ਰਾਜੀਵ ਮਹਿਤਾ, ਭਾਰਤੀ ਖੇਡ ਦਲ ਪ੍ਰਮੁੱਖ ਬ੍ਰਿਜਭੂਸ਼ਣ ਸ਼ਰਨ ਸਿੰਘ ਅਤੇ 45 ਅਥਲੀਟ ਮੌਜੂਦ ਸਨ।
ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਾਲੇਮਬਾਂਗ ਵਿੱਚ 18 ਅਗਸਤ ਤੋਂ ਦੋ ਸਤੰਬਰ ਤੱਕ 18ਵੀਆਂ ਏਸ਼ਿਆਈ ਖੇਡਾਂ ਹੋਣੀਆਂ ਹਨ। ਭਾਰਤ ਨੇ ਇਸ ਟੂਰਨਾਮੈਂਟ ਵਿੱਚ ਆਪਣਾ 800 ਤੋਂ ਵੱਧ ਮੈਂਬਰੀ ਦਲ ਉਤਾਰਿਆ ਹੈ। ਇਸ ਵਿੱਚ 572 ਅਥਲੀਟ 36 ਖੇਡਾਂ ਵਿੱਚ ਤਗ਼ਮਿਆਂ ਲਈ ਦਾਅਵੇਦਾਰੀ ਪੇਸ਼ ਕਰਨਗੇ। ਭਾਰਤ ਨੇ ਚਾਰ ਸਾਲ ਪਹਿਲਾਂ ਇੰਚੀਓਨ ਏਸ਼ਿਆਈ ਖੇਡਾਂ ਵਿੱਚ 541 ਮੈਂਬਰੀ ਦਲ ਭੇਜਿਆ ਸੀ, ਜਿਸ ਨੇ 11 ਸੋਨਿਆਂ ਸਣੇ 57 ਤਗ਼ਮੇ ਜਿੱਤ ਕੇ ਤਗ਼ਮਾ ਸੂਚੀ ਵਿੱਚ ਅੱਠਵਾਂ ਸਥਾਨ ਹਾਸਲ ਕੀਤਾ ਸੀ। ਆਈਓਏ ਨੇ ਇਸ ਤੋਂ ਪਹਿਲਾਂ 541 ਖਿਡਾਰੀਆਂ ਦੀ ਸੂਚੀ ਕੇਂਦਰੀ ਖੇਡ ਮੰਤਰਾਲੇ ਨੂੰ ਭੇਜੀ ਸੀ, ਪਰ ਬਾਅਦ ਵਿੱਚ ਕੁੱਝ ਖਿਡਾਰੀਆਂ ਨੂੰ ਅਦਾਲਤ ਵੱਲੋਂ ਇਜਾਜ਼ਤ ਮਿਲਣ ਮਗਰੋਂ ਖਿਡਾਰੀਆਂ ਦੀ ਗਿਣਤੀ ਵਧ ਗਈ।ਬਤਰਾ ਨੇ ਜਿਵੇਂ ਹੀ ਨੀਰਜ ਚੋਪੜਾ ਦੇ ਭਾਰਤੀ ਦਲ ਦੇ ਝੰਡਾਬਰਦਾਰ ਦੀ ਭੂਮਿਕਾ ਨਿਭਾਉਣ ਦਾ ਐਲਾਨ ਕੀਤਾ, ਪੂਰੇ ਹਾਲ ਵਿੱਚ ਤਾੜੀਆਂ ਦੀ ਗੜਗੜਾਹਟ ਫੈਲ ਗਈ।
ਆਈਓਏ ਦੇ ਪ੍ਰਧਾਨ ਬਤਰਾ ਨੇ ਕਿਹਾ ਕਿ ਜਕਾਰਤਾ ਵਿੱਚ ਭਾਰਤੀ ਦਲ ਲਈ ਸਵਾਗਤ ਸਮਾਰੋਹ 16 ਅਗਸਤ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੇ ਕਈ ਖਿਡਾਰੀ ਵਿਦੇਸ਼ਾਂ ਵਿੱਚ ਟ੍ਰੇਨਿੰਗ ਲੈ ਰਹੇ ਹਨ, ਜੋ ਸਿੱਧਾ ਜਕਾਰਤਾ ਪਹੁੰਚਣਗੇ। ਬਾਸਕਟਬਾਲ ਅਤੇ ਹੈਂਡਬਾਲ ਦੇ ਮੁਕਾਬਲੇ 14 ਅਗਸਤ ਤੋਂ ਸ਼ੁਰੂ ਹੋ ਜਾਣਗੇ। ਭਾਰਤ ਦਾ ਅਧਿਕਾਰਤ ਦਲ ਕੱਲ੍ਹ ਜਕਾਰਤਾ ਪਹੁੰਚੇਗਾ।