ਇੱਕੀਵੀਂ ਸਦੀ ਵਿੱਚ ਚੌਦਵੀਂ ਨਹੀਂ ਚੱਲ ਸਕਦੀ

 – ਸ਼ਾਮ ਸਿੰਘ ਅੰਗ-ਸੰਗ

ਲੱਗਦਾ ਨਹੀਂ ਕਿ ਇਹ ਇੱਕੀਵੀਂ ਸਦੀ ਹੈ ਅਤੇ ਅਸੀਂ ਇਸ ਵਿੱਚ ਵਸ ਰਹੇ ਹਾਂ। ਇੱਕੀਵੀਂ ਸਦੀ ਤੱਕ ਪਹੁੰਚਦਿਆਂ ਜਿੰਨੀ ਅਕਲ ਆ ਜਾਣੀ ਚਾਹੀਦੀ ਸੀ, ਉਹ ਨਹਂਂ ਆਈ, ਜਿੰਨੀਆਂ ਖੁੱਲ੍ਹਾਂ ਦੇ ਬੂਹੇ ਖੁੱਲ੍ਹ ਜਾਣੇ ਚਾਹੀਦੇ ਸਨ, ਕਿਤੇ ਨਹੀਂ ਖੁੱਲ੍ਹੇ। ਇਸ ਸਦੀ ਵਿੱਚ ਏਨੀਆਂ ਕਾਢਾਂ ਹੱਥ ਲੱਗ ਗਈਆਂ, ਏਨੀਆਂ ਸਹੂਲਤਾਂ ਮਿਲਣ ਲੱਗ ਪਈਆਂ, ਏਨੀ ਆਜ਼ਾਦੀ ਦਾ ਸ਼ੋਰ ਪਾਇਆ ਜਾ ਰਿਹਾ ਅਤੇ ਏਨੀਆਂ ਜਾਣਕਾਰੀਆਂ ਮਿਲ ਗਈਆਂ, ਪਰ ਬਹੁਤੇ ਲੋਕ ਅਜੇ ਵੀ ਅਗਿਆਨ ਦੇ ਘੇਰੇ ਤੋਂ ਬਾਹਰ ਨਹੀਂ ਆ ਰਹੇ, ਨਵੀਂਆਂ ਜਾਣਕਾਰੀਆਂ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਹੀਂ, ਕਾਢਾਂ ਨਾਲ ਪੈਦਾ ਹੋਈਆਂ ਸਹੂਲਤਾਂ ਤੱਕ ਉਨ੍ਹਾਂ ਦੀ ਪਹੁੰਚ ਨਹੀਂ ਅਤੇ ਕਈ ਤਰ੍ਹਾਂ ਦੀਆਂ ਬੰਦਸ਼ਾਂ ਆਜ਼ਾਦੀ ਨੂੰ ਸਾਹ ਤੱਕ ਨਹੀਂ ਲੈਣ ਦਿੰਦੀਆਂ।
ਅਗਿਆਨ ਦਾ ਏਨਾ ਜ਼ੋਰ ਹੈ ਕਿ ਇਸ ਅਖੌਤੀ ਬੌਧਿਕ ਸਦੀ ਵਿੱਚ ਵੀ ਸਮਾਜ ਦੇ ਕਈ ਵਰਗਾਂ ਨੂੰ ਧਾਰਮਿਕ ਸਥਾਨਾਂ ਵਿੱਚ ਦਾਖ਼ਲ ਤੱਕ ਨਹੀਂ ਹੋਣ ਦਿੱਤਾ ਜਾਂਦਾ, ਹਿੰਦੂਆਂ ਵੱਲੋਂ ਹਿੰਦੂਆਂ ਦੇ ਗ਼ਰੀਬ ਤਬਕਿਆਂ ਦੇ ਲੋਕਾਂ ਨੂੰ ਘੋੜੀ ‘ਤੇ ਚੜ੍ਹਨ ਤੋਂ ਰੋਕਿਆ ਜਾ ਰਿਹਾ। ਲੱਗਦਾ ਹੈ ਕਿ ਔਰੰਗਜ਼ੇਬ ਦੀ ਰੂਹ ਰੋਕਣ ਵਾਲਿਆਂ ਵਿੱਚ ਆ ਵੜੀ, ਜਿਸ ਨੇ ਹਰ ਕਿਸਮ ਦੇ ਹਿੰਦੂਆਂ ‘ਤੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਸਨ ਅਤੇ ਕੋਈ ਤੋੜਨ ਦਾ ਹੌਸਲਾ ਨਹੀਂ ਸੀ ਕਰਦਾ। ਹੌਸਲਾ ਕਿਸੇ ਸਦੀ ਦਾ ਰਾਖਵਾਂ ਨਹੀਂ, ਕਿਉਂਕਿ ਮੁਗਲਾਂ ਦੇ ਸਮੇਂ ਵੀ ਗੁਰੂ ਗੋਬਿੰਦ ਸਿੰਘ ਨੇ ਬੰਦਸ਼ਾਂ ਨਹੀਂ ਸੀ ਮੰਨੀਆਂ, ਸਗੋਂ ਬਹਾਦਰੀ ਨਾਲ ਉਨ੍ਹਾਂ ਨੂੰ ਭਜਾਈ ਰੱਖਿਆ।
ਆਪਣੇ ਹੀ ਮੁਲਕ ਵਿੱਚ ਸਵਰਗ ਦੀ ਧਰਤੀ ਕਹੇ ਜਾਂਦੇ ਕਸ਼ਮੀਰ ਵਿੱਚ ਪੰਡਤਾਂ ਨੂੰ ਖਦੇੜਿਆ ਅਤੇ ਘਰੋਂ ਬੇਘਰ ਕਰ ਕੇ ਰੱਖ ਦਿੱਤਾ। ਫੇਰ ਉਥੋਂ ਹੀ ਸਿੱਖਾਂ ਨੂੰ ਉਜਾੜਿਆ। ਦੰਗਿਆਂ ‘ਚ ਕਿੰਨੇ ਸਿੱਖ ਸਾੜ ਦਿੱਤੇ। ਹਰਿਆਣਾ, ਯੂ ਪੀ ਵਿੱਚ ਵੀ ਇਹੀ ਕੁਝ ਹੋਇਆ। ਹੁਣ ਸ਼ਿਲਾਂਗ ਵਿੱਚ 200 ਸਾਲਾਂ ਤੋਂ ਵਸ ਰਹੇ ਹਜ਼ਾਰਾਂ ਸਿੱਖਾਂ ‘ਤੇ ਹਮਲੇ ਹੋ ਗਏ। ਉਨ੍ਹਾਂ ਨੂੰ ਅਹਿਸਾਸ ਕਰਵਾਇਆ ਜਾ ਰਿਹਾ ਕਿ ਜਿਸ ਧਰਤੀ ‘ਤੇ ਘਰ ਬਣਾ ਕੇ ਰਹਿ ਰਹੇ ਹਨ, ਇਹ ਉਨ੍ਹਾਂ ਦੇ ਘਰ ਨਹੀਂ। ਆਪਣੇ ਹੀ ਮੁਲਕ ਵਿੱਚ ਆਪਣੇ ਹੀ ਲੋਕਾਂ ਵੱਲੋਂ ਇਹੋ ਜਿਹਾ ਵਰਤਾਰਾ ਇੱਕਦਮ ਨਾਜਾਇਜ਼ ਹੈ, ਜਾਇਜ਼ ਨਹੀਂ। ਹਕੂਮਤ ਨੂੰ ਚਾਹੀਦਾ ਹੈ ਕਿ ਫੌਰੀ ਦਖ਼ਲ ਦੇ ਕੇ ਉਜਾੜੇ ਨੂੰ ਰੋਕੇ ਅਤੇ ਆਪਣੇ ਹੀ ਦੇਸ਼ ਵਾਸੀਆਂ ਨਾਲ ਧੱਕਾ ਨਾ ਹੋਣ ਦੇਵੇ।
ਵਿਸ਼ਵ ਪੱਧਰ ‘ਤੇ ਵੀ ਪਾਬੰਦੀਆਂ ਦਾ ਹੀ ਜ਼ੋਰ ਹੈ, ਖੁੱਲ੍ਹਾਂ ਅਤੇ ਆਜ਼ਾਦੀਆਂ ਦਾ ਨਹੀਂ। ਹਰ ਮੁਲਕ ਦਾ ਜ਼ੋਰ ਇਸ ਗੱਲ ਉੱਤੇ ਹੈ ਕਿ ਦੂਜੇ ਦੇਸ਼ਾਂ ਦੇ ਲੋਕ ਦਾਖ਼ਲ ਨਾ ਹੋਣ ਦਿੱਤੇ ਜਾਣ, ਜਦੋਂ ਕਿ ਇੱਕੀਵੀਂ ਸਦੀ ਦੀ ਸਿਆਣਪ ਦੇ ਦੌਰ ਵਿੱਚ ਸਭ ਦੇਸ਼ਾਂ ਦੇ ਹਾਕਮਾਂ ਵੱਲੋਂ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਖੁੱਲ੍ਹਦਿਲੀ ਨਾਲ ਮੁਲਕ ਦੇ ਬੂਹੇ ਖੋਲ੍ਹ ਦਿੱਤੇ ਜਾਣ, ਤਾਂ ਕਿ ਲੋਕਾਂ ਦੀ ਤੰਗ-ਦਿਲੀਆਂ ਤੋਂ ਮੁਕਤੀ ਹੋ ਸਕੇ। ਅਮਰੀਕਾ ਦੇ ਇਕੱਲੇ ਟਰੰਪ ਨੇ ਹੀ ਪੂਰੀ ਦੁਨੀਆ ਦੇ ਹਾਕਮਾਂ ਜਿੰਨਾ ਸ਼ੋਰ ਮਚਾਇਆ ਹੋਇਆ ਹੈ ਕਿ ਦੂਜੇ ਮੁਲਕਾਂ ਦੇ ਲੋਕ ਅਮਰੀਕਾ ਨਾ ਆਉਣ।
ਚਾਹੀਦਾ ਇਹ ਹੈ ਕਿ ਰੂਸ, ਕਨੇਡਾ, ਆਸਟਰੇਲੀਆ, ਅਮਰੀਕਾ ਅਤੇ ਹੋਰ ਵੱਧ ਜ਼ਮੀਨੀ ਖੇਤਰਫਲ ਵਾਲੇ ਮੁਲਕ ਉਨ੍ਹਾਂ ਦੇਸ਼ਾਂ ਦੇ ਲੋਕਾਂ ਲਈ ਖ਼ੁਦ ਸੱਦਾ-ਪੱਤਰ ਭੇਜਣ, ਤਾਂ ਕਿ ਬਹੁ-ਵਸੋਂ ਵਾਲੇ ਲੋਕ ਸੌਖੇ ਹੋ ਸਕਣ ਅਤੇ ਘੱਟ ਵਸੋਂ ਵਾਲੇ ਦੇਸ਼ਾਂ ਦੀ ਖ਼ਾਲੀ ਅਤੇ ਵਿਹਲੀ ਪਈ ਜ਼ਮੀਨ ਮਾਨਵਤਾ ਦੇ ਕੰਮ ਆ ਸਕੇ। ਇਸ ਤਰ੍ਹਾਂ ਦੀ ਖੁੱਲ੍ਹਦਿਲੀ ਅਪਣਾਉਣ ਵਾਲੇ ਹਾਕਮਾਂ ਨੂੰ ਹੀ ਇੱਕੀਵੀਂ ਸਦੀ ਦੇ ਹਾਣ ਦਾ ਮੰਨਿਆ ਜਾ ਸਕਦਾ ਹੈ ਅਤੇ ਅੱਜ ਦੀ ਮਾਨਵਤਾ ਦੇ ਰਾਖੇ ਵੀ। ਜਿਹੜੇ ਪਾਬੰਦੀਆਂ ਅਤੇ ਤੰਗ-ਦਿਲੀਆਂ ਦੇ ਰਾਹ ਪਏ ਰਹਿਣਗੇ, ਉਨ੍ਹਾਂ ਨੂੰ ਤੇਰ੍ਹਵੀਂ-ਚੌਦਵੀਂ ਸਦੀ ਦੇ ਨਮੂਨੇ ਹੀ ਮੰਨਿਆ ਜਾਵੇਗਾ, ਅੱਜ ਦੇ ਨਹੀਂ।
ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਹਰ ਮੁਲਕ ਦੇ ਹਾਕਮ ਵੀ ਜਾਗਣਗੇ ਅਤੇ ਜਨਤਾ ਵੀ, ਤਾਂ ਹੀ ਅਸੀਂ ਇੱਕੀਵੀਂ ਸਦੀ ਦੇ ਵਰਤਮਾਨ ਦੇ ਸਫ਼ੇ ‘ਤੇ ਵਿਚਰਦੇ ਦਿਖਾਂਗੇ। ਅਜਿਹਾ ਕੁਝ ਕਰਨ ਲਈ ਹਾਕਮਾਂ ਤੋਂ ਮੰਗ ਵੀ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਲਈ ਦੁਆ ਵੀ, ਤਾਂ ਕਿ ਵਿਸ਼ਵ ਭਰ ‘ਚ ਇੱਕੀਵੀਂ ਸਦੀ ਦੀ ਸਿਆਣਪ ਦੇ ਹਾਣ ਦਾ ਮਾਹੌਲ ਸਿਰਜਿਆ ਜਾ ਸਕੇ। ਇਹ ਕੁਝ ਹੋਣ ਨਾਲ ਹੀ ਇੱਕੀਵੀਂ ਸਦੀ ਦੇ ਚਿਹਰੇ ‘ਤੇ ਪੈਂਦੀਆਂ ਜਾ ਰਹੀਆਂ ਤਿਊੜੀਆਂ ਘਟਣਗੀਆਂ ਅਤੇ ਲਾਜ਼ਮੀ ਤੌਰ ‘ਤੇ ਰੌਣਕਾਂ ਲੱਗ ਜਾਣਗੀਆਂ।

ਜਿਵੇਂ ਰਾਮ ਨੂੰ ਲਛਮਣ ਸੀ
ਸੰਤੋਖ ਸਿੰਘ ਧੀਰ ਪੰਜਾਬੀ ਸਾਹਿਤ ਦਾ ਵੱਡਾ ਲੇਖਕ ਸੀ, ਜਿਸ ਨੇ ਸਾਰੀ ਉਮਰ ਸਾਹਿਤ ਦੇ ਲੇਖੇ ਹੀ ਲਾਈ। ਉਸ ਨੇ ਕਹਾਣੀ, ਨਾਵਲ ਵੀ ਲਿਖੇ, ਸਵੈ-ਜੀਵਨੀ ਵੀ। ਹੁਣ ਉਸ ਵੱਲੋਂ ਆਪਣੇ ਭਰਾ ਰਿਪੁਦਮਨ ਸਿੰਘ ਰੂਪ ਨੂੰ ਲਿਖੀਆਂ ਚਿੱਠੀਆਂ ਦੀ ਕਿਤਾਬ ਛਪੀ, ਜਿਵੇਂ ਰਾਮ ਨੂੰ ਲਛਮਣ ਸੀ। ਧੀਰ ਨੇ ਇਹ ਚਿੱਠੀਆਂ 1974-75 ਵਿੱਚ ਆਪਣੀ ਇੰਗਲੈਂਡ ਫੇਰੀ ਸਮੇਂ ਲਿਖੀਆਂ ਸਨ, ਜਿਨ੍ਹਾਂ ਵਿੱਚ ਬਹੁਤ ਕੁਝ ਨਸ਼ਰ ਹੋ ਗਿਆ। ਇਨ੍ਹਾਂ ਵਿੱਚ ਗ਼ਰੀਬੀ ਦਾ ਜ਼ਿਕਰ ਵੀ ਹੈ, ਦੋਸਤੀਆਂ ਦੀ ਟੁੱਟ-ਭੱਜ ਦਾ ਵੀ, ਲੇਖਕਾਂ ਦੇ ਗੁੱਟਾਂ ਦਾ ਵੀ, ਪਲ-ਪਲ ਬਦਲਦੇ ਸੁਭਾਵਾਂ ਦਾ ਵੀ।
ਇੱਕ ਵੱਡੇ ਨਾਮੀ ਲੇਖਕ ਦੇ ਘਰ ਖਾਣ ਨੂੰ ਦਾਣੇ ਨਾ ਹੋਣ, ਇਹ ਗੱਲ ਮੰਨਣ ਵਿੱਚ ਤਾਂ ਨਹੀਂ ਆਉਂਦੀ, ਪਰ ਧੀਰ ਵੱਲੋਂ ਲਿਖੇ ਸੱਚ ਨੂੰ ਕਿਸੇ ਤਰ੍ਹਾਂ ਵੀ ਨਾਕਾਰਿਆ ਨਹੀਂ ਜਾ ਸਕਦਾ। ਇਸ ਨਾਲ ਤਾਂ ਉਸ ਸਮੇਂ ਦੀ ਹਕੂਮਤ ਵੀ ਨੰਗੀ ਹੋ ਜਾਂਦੀ ਹੈ, ਜਿਹੜੀ ਵੱਡੇ ਕਲਮਕਾਰ ਦੀ ਕੋਈ ਮਦਦ ਨਾ ਕਰ ਸਕੀ, ਜਦੋਂ ਕਿ ਹਕੂਮਤਾਂ ਨੇ ਲੇਖਕਾਂ ਨੂੰ 10-10 ਲੱਖ, ਪੰਜ-ਪੰਜ ਲੱਖ ਅਤੇ ਜਨਮ ਦਿਨਾਂ ‘ਤੇ ਲੱਖ-ਲੱਖ ਵੀ ਦੇ ਦਿੱਤੇ। ਇਹ ਚਿੱਠੀਆਂ ਸਾਹਿਤਕ ਤੌਰ ‘ਤੇ ਭਾਵੇਂ ਉੱਚੀਆਂ ਨਹੀਂ, ਪਰ ਵਿਸ਼ਿਆਂ ਪੱਖੋਂ ਏਨੀਆਂ ਉੱਚੀਆਂ ਹਨ ਕਿ ਲੋਕ ਇਨ੍ਹਾਂ ਨੂੰ ਪੜ੍ਹਨਗੇ ਵੀ ਅਤੇ ਸਾਂਭਣਗੇ ਵੀ।

ਲਤੀਫ਼ੇ ਦਾ ਚਿਹਰਾ-ਮੋਹਰਾ
ਜਾਨਵਰਾਂ ਦੇ ਹਸਪਤਾਲ ਦਾ ਨਜ਼ਾਰਾ :
ਹਾਂ ਬਈ ਅਗਲਾ ਜਾਨਵਰ ਨਾਂਅ ਲਿਖਵਾਉ?
ਜੀ ਗੁੰਜਨ ਸਿੰਘ ਪਿੰਡ ਹਵਾਈ ਖੇੜਾ।
ਬੀਮਾਰੀ ਕੀ ਹੈ, ਕੀ ਲਿਖੀ ਜਾਵੇ?
ਜੀ ਖੁਰ ਵਿੱਚ ਪੀਕ, ਪੂਛ ਵਿੱਚ ਸੋਜਾ।
***
ਪਤਨੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ :
ਇੱਕ ਤਾਂ ਉਹ, ਜੋ ਸੁਣਦੀ, ਸਮਝਦੀ ਅਤੇ ਮੰਨਦੀ ਵੀ ਹੈ। ਪਿਆਰ ਨਾਲ ਹੀ ਪੇਸ਼ ਆਉਂਦੀ ਹੈ ਅਤੇ ਸ਼ਾਪਿੰਗ ਦੀ ਸਿਫ਼ਾਰਸ਼ ਨਹੀਂ ਕਰਦੀ। ਪਤੀ ਗੁੱਸੇ ਵੀ ਹੋ ਜਾਏ, ਤਾਂ ਵੀ ਮੁਸਕੁਰਾਏ ਬਿਨਾਂ ਨਹੀਂ ਰਹਿੰਦੀ। ਦੂਜੀ ਤਰ੍ਹਾਂ ਦੀਆਂ ਪਤਨੀਆਂ ਉਹ, ਜੋ ਤੁਹਾਡੇ ਸਾਰਿਆਂ ਕੋਲ ਹੈ। ਹਾ ਹਾ ਹਾ .