ਇਤਿਹਾਸ ਨਾਲ ਛੇੜ-ਛਾੜ

ਸ਼ਾਮ ਸਿੰਘ ਅੰਗ ਸੰਗ

ਹੋ-ਵਾਪਰ ਚੁੱਕਿਆ, ਲੰਘਿਆ ਵਕਤ ਇਤਹਾਸ ਦੇ ਸਫੇ ਦੀ ਇਬਾਰਤ ਬਣ ਚੁੱਕਿਆ ਹੁੰਦਾ ਹੈ। ਇਤਿਹਾਸ ਜਿਸ ਵਿਚ ਤੱਥ-ਸਬੂਤ ਗਵਾਹ ਵੀ ਹੁੰਦੇ ਹਨ ਅਤੇ ਘਟਨਾਵਾਂ ਦੇ ਉੱਘੇ ਨੈਣ-ਨਕਸ਼ ਵੀ। ਇਨ੍ਹਾਂ ਨਾਲ ਕਿਵੇਂ ਵੀ ਛੇੜ-ਛਾੜ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਕੀਤੀ ਜਾਣੀ ਚਾਹੀਦੀ ਹੈ, ਅਤੇ ਰੱਦੋ-ਬਦਲ ਤਾਂ ਕਿਸੇ ਸੂਰਤ ਵਿਚ ਸੰਭਵ ਹੀ ਨਹੀਂ, ਕਿਉਂਕਿ ਤੱਥਾਂ-ਸਬੂਤਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ ਇਨ੍ਹਾਂ ਨੂੰ ਮਿਟਾਉਣਾ ਤਾਂ ਹੈ ਹੀ ਅਸੰਭਵ। ਇਤਿਹਾਸ ਦਾ ਮੁਹਾਂਦਰਾ ਅਤੀਤ ਦੀ ਨੱਕਾਸ਼ੀ ਵੀ ਹੁੰਦੀ ਹੈ ਅਤੇ ਘਟੀਆਂ ਹੋਈਆਂ ਘਟਨਾਵਾਂ ਦੀ ਅਸਲੀਅਤ ਦਾ ਢੁੱਕਵਾਂ ਅਤੇ ਨੇੜਲਾ ਰੀਕਾਰਡ ਵੀ। ਇਤਿਹਾਸ ਤੋਂ ਬਿਨਾਂ ਭੂਤਕਾਲ ਨੂੰ ਜਾਨਣ ਦਾ ਹੋਰ ਕੋਈ ਰਾਹ ਵੀ ਤਾਂ ਨਹੀਂ।
ਜਦੋਂ ਇਤਿਹਾਸਕ ਇਮਾਰਤਾਂ ਅਤੇ ਧਾਰਮਿਕ ਸਥਾਨਾਂ ਬਾਰੇ ਮੱਤਭੇਦ ਜਾਣ-ਬੁੱਝ ਕੇ ਉਭਾਰੇ ਜਾਂਦੇ ਹਨ ਤਾਂ ਆਮ ਕਰਕੇ ਰੌਲ਼ਾ-ਰੱਪਾ ਬਹੁਤਾ ਸਿਆਸੀ ਗਰਜਾਂ ਕਰਕੇ ਹੀ ਹੁੰਦਾ ਹੈ, ਸਚਾਈ ਜਾਂ ਤੱਥਾਂ ਸਬੂਤਾਂ ਉੱਤੇ ਅਧਾਰਤ ਨਹੀਂ ਹੁੰਦਾ। ਮੱਤਭੇਦ ਉਸਾਰਨ ਵਾਲਿਆਂ ਵਿਚੋਂ ਸਹੀ ਉਸ ਨੂੰ ਹੀ ਮੰਨਿਆਂ ਜਾ ਸਕਦਾ ਹੈ ਜਿਸ ਕੋਲ ਤੱਥ ਹੋਣ, ਸਬੂਤਾਂ ਦੀ ਗਵਾਹੀ ਹੋਵੇ। ਲੰਘੇ ਸਮੇਂ ਦਾ ਸੱਚ ਇਤਿਹਾਸ ਦੀਆਂ ਸਹੀ ਜਾਪਦੀਆਂ ਪੈੜਾਂ ਵਿਚੋਂ ਹੀ ਤਲਾਸ਼ ਕੀਤਾ ਜਾ ਸਕਦਾ ਹੈ ਤੇ ਇੱਥੋਂ ਹੀ ਢੂੰਡਿਆ ਜਾਣਾ ਚਾਹੀਦਾ ਹੈ – ਸਿਆਸਤ ਵਿਚੋਂ ਨਹੀਂ।
ਲੜਾਈਆਂ, ਜੰਗਾਂ-ਯੁੱਧਾਂ ਅਤੇ ਰਾਜਨੀਤੀ ਦੇ ਇਤਿਹਾਸ ਵਿਚ ਚਾਲਬਾਜ਼ੀਆਂ ਅਤੇ ਸ਼ਬਦਾਂ ਦੀਆਂ ਸ਼ਰਾਰਤਾਂ ਬਾਰੇ ਤਾਂ ਬਹੁਤਾ ਵਿਵਾਦ ਪੈਦਾ ਨਹੀਂ ਹੁੰਦਾ ਪਰ ਧਰਮਾਂ ਦੇ ਇਤਿਹਾਸ ਵਿਚ ਇਕ ਵੀ ਅਢੁੱਕਵੇਂ ਸ਼ਬਦ ਨੂੰ ਸਵੀਕਾਰਿਆ ਨਹੀਂ ਜਾਂਦਾ, ਨਾ ਹੀ ਮਾਨਤਾਂ ਮਿਲਦੀ ਹੈ। ਧਰਮਾਂ ਦੀ ਸ਼ਬਦਾਵਲੀ ਦੀ ਬਿਰਤੀ ਵੱਖਰੀ ਵੀ ਹੁੰਦੀ ਹੈ ਵਿਲੱਖਣ ਵੀ ਜਿਸ ਦੀ ਥਾਂ ‘ਤੇ ਆਮ ਸ਼ਬਦਾਵਲੀ ਪ੍ਰਵਾਨ ਨਹੀਂ ਕੀਤੀ ਜਾਂਦੀ। ਮਿਸਾਲ ਵਜੋਂ ਸਿੱਖ ਧਰਮ ਅੰਦਰ ਪਹਿਲੇ ਗੁਰੂ ਸਾਹਿਬ ਵਲੋਂ ਦੂਜੇ ਗੁਰੂ ਸਾਹਿਬ ਨੂੰ ਰੁਤਬੇ ਦੀ ਬਖਸ਼ਿਸ਼ ਕੀਤੀ ਜਾਂਦੀ ਹੈ ਜਿਸ ਨੂੰ ਕਿਸੇ ਸੂਰਤ ਵਿਚ ਵੀ ਨਾ ਤਾਂ ਨਿਯੁਕਤੀ ਆਖਿਆ ਜਾ ਸਕਦਾ ਹੈ ਅਤੇ ਨਾ ਹੀ ਨਾਮਜ਼ਦਗੀ ਇੱਥੇ ਧਾਰਮਿਕ ਮਰਿਯਾਦਾ ਵਾਲੀ ਸ਼ਬਦਾਵਲੀ ਹੀ ਪ੍ਰਵਾਨ ਹੁੰਦੀ ਹੈ ਉਹ ਨਹੀਂ ਜੋ ਅਜੋਕੇ ਵਰਤਾਰੇ ਦੇ ਆਮ ਵਰਤੇ ਜਾਂਦੇ ਸ਼ਬਦਾਂ ਵਿਚੋਂ ਹੋਵੇ ਕਿਉਂਕਿ ਉਹ ਧਾਰਮਿਕ ਕਿਰਿਆਵਾਂ ਦੇ ਹਾਣ ਦੀ ਸ਼ਬਦਾਵਲੀ ਨਹੀਂ ਹੁੰਦੀ ਅਤੇ ਧਾਰਮਿਕ ਵਰਤਾਰੇ ਦਾ ਠੀਕ ਅਨੁਵਾਦ ਵੀ ਨਹੀਂ ਕਰ ਰਹੀ ਹੁੰਦੀ। ਇਹ ਆਮ ਵਿਅਕਤੀ ਦੀ ਸਮਝ ਦੇ ਹਾਣ-ਪ੍ਰਵਾਨ ਦੀ ਹੋਣੀ ਚਾਹੀਦੀ ਹੈ। ਇਸ ਤੋਂ ਬਿਨਾਂ ਅਸਵੀਕਾਰ ਕਰ ਦਿੱਤੀ ਜਾਵੇਗੀ।
ਜੋ ਕੁੱਝ ਜਦੋਂ ਹੋਇਆ, ਜੋ ਇਮਾਰਤ ਜਦੋਂ ਜਿਸਨੇ ਵੀ ਉਸਾਰੀ ਉਸਨੂੰ ਇਤਿਹਾਸ ਦੇ ਨਜ਼ਰੀਏ ਤੋਂ ਹੀ ਦੇਖਿਆਂ-ਵਾਚਿਆਂ ਸਹੀ ਨਿਰਣੇ ‘ਤੇ ਪਹੁੰਚਿਆ ਜਾ ਸਕਦਾ ਹੈ, ਸਿਆਸੀ ਤੀਰ-ਕਮਾਨਾਂ ਅਤੇ ਨਿਰੋਲ ਕਿਆਸਾਂ ਨਾਲ ਨਹੀਂ। ਹਾਕਮ ਜਿਹੋ ਜਹੇ ਮਰਜ਼ੀ ਹੋਣ ਉਨ੍ਹਾਂ ਦੀ ਮਨ-ਮਰਜ਼ੀ ਦੀ ਸਿਆਸਤ ਵੀ ਇਤਿਹਾਸ ਨੂੰ ਨਹੀਂ ਬਦਲ ਸਕਦੀ। ਉਨ੍ਹਾਂ ਦੀਆਂ ਮਨਮਰਜ਼ੀ ਵਾਲੀਆਂ ਕੋਸ਼ਿਸਾਂ ਕਦੇ ਸਫਲ ਨਹੀਂ ਹੋ ਸਕਦੀਆਂ ਕਿਉਂਕਿ ਇਤਿਹਾਸ ਕੋਈ ਮੋਮ ਦਾ ਨੱਕ ਨਹੀਂ ਜਿਸ ਨੂੰ ਲੋੜ ਅਤੇ ਸਮੇਂ ਮੁਤਾਬਿਕ ਘੁਮਾਇਆ ਜਾ ਬਦਲਿਆ ਜਾ ਸਕੇ। ਇਸ ਨੂੰ ਤਾਂ ਇਸਦੇ ਪਿਛੋਕੜ ਤੋਂ ਵੀ ਵੱਖਰਾ ਨਹੀਂ ਕੀਤਾ ਜਾ ਸਕਦਾ ਅਤੇ ਇਸ ਨਾਲ ਜੁੜੇ ਪ੍ਰਸੰਗਾਂ ਤੋਂ ਵੱਖ ਕਰਕੇ ਵੀ ਨਹੀਂ ਵਿਚਾਰਿਆ ਜਾ ਸਕਦਾ। ਸਿਰਫ ਜਿੱਦੀ ਜਾਂ ਮੂਰਖ ਲੋਕ ਹੀ ਅਜਿਹੇ ਜਤਨ ਕਰਦੇ ਹਨ ਪਰ ਇਤਿਹਾਸ ਦੱਸਦਾ ਹੈ ਕਿ ਸਫਲ ਉਹ ਕਦੇ ਵੀ ਨਹੀਂ ਹੁੰਦੇ- ਕਿਉਂਕਿ ਇਹ ਕੰਮ ਇਤਿਹਾਸਕਾਰਾਂ ਦਾ ਹੈ ਕਿ ਉਹ ਸਭ ਕਾਸੇ ਦੀ ਪੁਣ-ਛਾਣ ਕਰਕੇ ਸੱਚ ਨਿਤਾਰਨ ਦੀ ਕੋਸ਼ਿਸ਼ ਕਰਨ।
ਜਿਹੜੇ ਲੋਕ ਇਤਿਹਾਸ ਨੂੰ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰਦੇ ਹਨ ਉਹ ਇਤਿਹਾਸ ਦੀ ਬਿਰਤੀ ਅਤੇ ਬਣਤਰ ਤੋਂ ਵੀ ਵਾਕਿਫ ਨਹੀਂ ਹੁੰਦੇ ਅਤੇ ਸਮਿਆਂ ਦੇ ਕਲਮਕਾਰਾਂ ਵਲੋਂ ਸੰਭਾਲੇ ਗਏ ਰੀਕਾਰਡ ਦੇ ਕੀਮਤੀ ਖ਼ਜ਼ਾਨੇ ਦੀ ਅਹਿਮੀਅਤ ਤੋਂ ਵੀ ਜਾਣੂ ਨਹੀਂ ਹੁੰਦੇ। ਅਤੀਤ ਨੂੰ ਇਤਿਹਾਸਕ ਨਜ਼ਰੀਏ ਨਾਲ ਹੀ ਵਾਚਿਆ, ਪ੍ਰਗਟਾਇਆ  ਅਤੇ ਪੜ੍ਹਿਆ ਜਾ ਸਕਦਾ ਹੈ ਇਹੀ ਕਾਰਨ ਹਨ ਜਿਨ੍ਹਾਂ ਕਰਕੇ ਇਤਿਹਾਸ ਦੀ ਮਹੱਤਤਾ ਅਤੇ ਸਾਰਥਿਕਤਾ ਉਜਾਗਰ ਹੋ ਸਕਦੀ ਹੈ। ਬਿਨਾਂ ਤੱਥਾਂ ਸਬੂਤਾਂ ਤੋਂ ਇਤਹਾਸ ਨਾਲ ਛੇੜ ਛਾੜ ਕਰਨੀ ਕਿਸੇ ਤਰ੍ਹਾਂ ਵੀ ਚੰਗੀ ਨਹੀਂ। ਜਿਹੜੇ ਅਜਿਹੀਆਂ ਸ਼ਰਾਰਤਾਂ ਕਰਦੇ ਹਨ ਉਹ ਕਦੇ ਸਫ਼ਲ ਨਹੀਂ ਹੁੰਦੇ। ਉਨ੍ਹਾਂ ਦੀਆਂ ਇਨ੍ਹਾਂ ਹਰਕਤਾਂ ਕਰਕੇ ਸਮਾਜ ਵਿਚਲੇ ਵਸਦੇ ਭਾਈਚਾਰਿਆਂ ਅੰਦਰ ਪਾੜੇ ਪੈਣੇ ਸ਼ਰੂ ਹੋ ਜਾਂਦੇ ਹਨ, ਜਿਸ ਕਰਕੇ ਸਮਾਜ ਦਾ ਭਾਈਚਾਰਕ ਤਵਾਜ਼ਨ ਵਿਗੜਨ ਦਾ ਡਰ ਬਣਿਆ ਰਹਿੰਦਾ ਹੈ। ਇਹ ਕਦੇ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਵਰਤਮਾਨ ਨਾਲ ਵੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨਾਲ ਵੀ ਧੋਖਾ ਹੁੰਦਾ ਹੈ।
ਇਤਿਹਾਸ ਨੂੰ ਓਹੀ ਸਹੀ ਪ੍ਰਸੰਗ ਵਿਚ ਵਿਚਾਰਨ ਅਤੇ ਲਿਖਣ ਦੇ ਯੋਗ ਹੁੰਦੇ ਹਨ ਜਿਨ੍ਹਾਂ ਕੋਲ ਇਸ ਵਿਸ਼ੇ ਨੂੰ ਪਰਖਣ ਦੀ ਮੁਹਾਰਤ ਹੋਵੇ। ਵਿਸ਼ਾ ਮਾਹਿਰਾਂ ਤੋਂ ਬਗੈਰ ਇਸ ਨੂੰ ਹੱਥ ਪਾਉਣ ਵਾਲੇ ਨਾਂ ਤਾਂ ਇਸ ਦੇ ਤੱਥਾਂ,  ਸਬੂਤਾਂ ਨੂੰ ਕਾਇਮ ਰੱਖ ਸਕਦੇ ਹਨ ਅਤੇ ਨਾ ਹੀ ਇਸ ਦੀ ਮਾਣ-ਮਰਿਯਾਦਾ ਨੂੰ। ਜਦੋਂ ਵੀ ਅਜਿਹੇ ਲੋਕਾਂ ਕੋਲ ਲਿਖਣ ਵਾਸਤੇ ਇਤਿਹਾਸ ਦਾ ਵਿਸ਼ਾ ਆਵੇਗਾ ਤਾਂ ਉਹ ਸਹੀ ਤੱਥਾਂ ਦੇ ਜਾਣਕਾਰ ਨਾ ਹੋਣ ਕਰਕੇ ਧਾਰਮਿਕ ਮਰਿਯਾਦਾ ਦੀ ਵੀ ਪਰਵਾਹ ਨਹੀਂ ਕਰਨਗੇ। ਅਜਿਹੇ ਲੋਕ ਸ਼ਹੀਦ ਭਗਤ ਸਿੰਘ ਦੇ ਹੱਥ ਸਿਰਫ ਪਸਤੌਲ ਫੜਾ ਕੇ ਉਸਦੇ ਕਿਤਾਬਾਂ ਵਾਲੇ ਬੌਧਿਕ ਪੱਖ ਨੂੰ ਅਣਗੌਲਿਆਂ ਕਰਕੇ ਉਸ ਨਾਲ ਜੁੜੇ ਪ੍ਰਸੰਗਾਂ ਨਾਲ ਵੀ ਖਿਲਵਾੜ ਹੀ ਕਰਨਗੇ, ਸ਼ਹੀਦ ਊਧਮ ਸਿੰਘ ਸੁਨਾਮ ਦੇ ਹੱਥ ਹੀਰ ਦੀ ਪੋਥੀ ਫੜਾ ਦੇਣਗੇ। ਅਜਿਹੇ ਗੈਰ ਹਕੀਕੀ ਵਰਤਾਰੇ ਇਤਿਹਾਸ ਜਾਂ ਇਨਸਾਫ ਤਾਂ ਨਹੀਂ ਆਖੇ ਜਾ ਸਕਦੇ।
ਇਤਿਹਾਸਕਾਰੀ ਦਾ ਆਪਣਾ ਜ਼ਾਬਤਾ ਅਤੇ ਲਬੋ-ਲਬਾਬ ਹੈ ਜਿਸ ਵਾਸਤੇ ਤੱਥਾਂ ਸਬੂਤਾਂ, ਦਿਨਾਂ-ਤਾਰੀਖਾਂ ਅਤੇ ਲੰਘੇ ਸਮੇਂ ਦੇ ਕਲਮਾਂ ਵਾਲਿਆਂ ਦੀਆਂ ਢੇਰਾਂ ਦੀਆਂ ਢੇਰ ਲਿਖਤਾਂ ਫੋਲ ਕੇ ਠੋਸ ਗਵਾਹੀਆਂ ਲੱਭਣ ਬਿਨਾਂ ਕੰਮ ਨਹੀਂ ਚੱਲ ਸਕਦਾ। ਜਰੂਰੀ ਹੈ ਕਿ ਇਤਿਹਾਸ ਨੂੰ ਲਿਖਣ-ਵਾਚਣ ਵਾਸਤੇ ਇਤਿਹਾਸਕਾਰੀ ਦੇ ਸਮੁਚੇ ਵਿਹਾਰ ਬਾਰੇ ਜਾਨਣ ਵਾਲੇ ਹੀ ਇਸ ਮੈਦਾਨ ਵਿਚ ਨਿਤਰਨ ਤਾਂ ਕਿ ਇਤਿਹਾਸ ਦੇ ਸਹੀ ਸਰੂਪ ਨੂੰ ਪੁਰਾਣੇ, ਨਵੇਂ ਪ੍ਰਸੰਗਾਂ ਵਿਚ ਰੂਪਮਾਨ ਕਰਦਿਆਂ ਸਹੀ ਦ੍ਰਿਸ਼ਟੀਕੋਨ ਤੋਂ ਉਜਾਗਰ ਕੀਤਾ ਜਾ ਸਕੇ। ਚੰਗਾ ਹੋਵੇ ਜੇ ਇਤਹਾਸ ਤੋਂ ਨਾ-ਵਾਕਿਫ ਜਾਂ ਇਸ ਖੇਤਰ ਬਾਰੇ ਕੱਚਘਰੜ ਗਿਆਨ ਵਾਲੇ “ਗਿਆਨਵਾਨ ਮਹਾਂਰਥੀ” ਇਸ ਤੋਂ ਪਰ੍ਹੇ ਹੀ ਰਹਿਣ। ਅਜਿਹੇ “ਵਿਦਵਾਨਾਂ” ਵਾਸਤੇ ਹਾਕਮਾਂ ਦੀ ਚਾਕਰੀ ਕਰਨ ਵਾਸਤੇ ਹੋਰ ਬਥੇਰੇ ਖੇਤਰ ਹਨ – ਉੱਧਰ ਜਾਣ।
ਅਣਜਾਣ ਅਤੇ ਸ਼ਰਾਰਤੀ ਕਲਮਾਂ ਨੂੰ ਇਤਿਹਾਸ ਦੇ ਨਾਲ ਛੇੜ ਛਾੜ ਨਹੀਂ ਕਰਨੀ ਚਾਹੀਦੀ ਇਹ ਪੁਆੜੇ ਦਾ ਕਾਰਨ ਬਣ ਸਕਦੇ ਹਨ। ਚਾਪਲੂਸ ਵੀ ਇਤਿਹਾਸ ਦੇ ਖੇਤਰ ਵਿਚ ਦਾਖਲ ਨਹੀਂ ਹੋਣ ਦੇਣੇ ਚਾਹੀਦੇ ਤਾਂ ਕਿ ਸਮੇਂ ਦੇ ਹਾਕਮ ਇਤਿਹਾਸ ਦਾ ਮੁਹਾਂਦਰਾ ਵਿਗਾੜਨ ਵਿਚ ਕਾਮਯਾਬ ਨਾ ਹੋ ਸਕਣ। ਛੇੜ-ਛਾੜ ਤੋਂ ਬਚਾ ਕੇ ਇਤਹਾਸ ਦੀ ਸਚਾਈ ਦੇ ਮਹੱਤਤਾ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਇਹ ਰੱਖਿਆ ਜਾਣਾ ਹੁੰਦਾ ਵੀ ਬਹੁਤ ਜਰੂਰੀ ਹੈ।
ਜਿਹੜੇ ਹਾਕਮ ਆਪਣੀ ਤਾਕਤ ਦੀ ਗਲਤ ਵਰਤੋਂ ਕਰਕੇ ਇਤਿਹਾਸ ਨੂੰ ਆਪਣੀ ਨਜ਼ਰ ਅਤੇ ਆਪਣੇ ਨਜ਼ਰੀਏ ਅਨੁਸਾਰ ਲਿਖਵਾਉਣ ਦਾ ਜਤਨ ਕਰਦੇ ਹਨ ਉਹ ਇਤਿਹਾਸ ਦੀ ਆਨ ਤੇ ਸ਼ਾਨ ਨੂੰ ਵੀ ਮਾਰਦੇ ਹਨ ਅਤੇ ਇਸ ਦੀ ਸਚਾਈ ਨੂੰ ਵੀ। ਉਨ੍ਹਾਂ ਦੀ ਅੰਨ੍ਹੀ ਹਓਮੈਂ ਦੀ ਇੱਛਾ ਇਹ ਹੁੰਦੀ ਹੈ ਕਿ ਇਤਿਹਾਸਕਾਰ ਵੀ ਉਨ੍ਹਾਂ ਦਾ ਹੁਕਮ ਮੰਨੇ ਅਤੇ ਇਤਿਹਾਸ ਵੀ। ਇਹ ਕੰਮ ਇਤਿਹਾਸਕਾਰ ਤਾਂ ਕੀ ਸਿਰੇ ਦੇ ਚਾਪਲੂਸ ਜਾਂ ਸਰਕਾਰੀਏ ‘ਇਤਿਹਾਸਕਾਰ’ ਵੀ ਨਹੀਂ ਕਰ ਸਕਦੇ ਕਿਉਂਕਿ ਇਤਿਹਾਸ ਨੇ ਆਪਣੀ ਸੇਧ ਤੋਂ ਏਧਰ-ਓਧਰ ਨਹੀਂ ਹੋਣਾ ਹੁੰਦਾ। ਜਿਹੜੇ ਆਪਣੀ ਮਰਜ਼ੀ ਨਾਲ ਇਤਿਹਾਸ ਦਾ ਨੱਕ ਮਰੋੜਨ ਦਾ ਜਤਨ ਕਰਦੇ ਹਨ ਦਰਅਸਲ ਉਨ੍ਹਾਂ ਦਾ ਆਪਣਾ ਨੱਕ ਵੀ ਨਹੀਂ ਬਚਦਾ।
ਅਜਿਹੇ ਹਾਕਮਾਂ ਵਲੋਂ ਕਈ ਵਾਰ ਇਹ ਵੀ ਜਤਨ ਕੀਤਾ ਜਾਂਦਾ ਹੈ ਕਿ ਮਿਥਿਹਾਸ ਨੂੰ ਇਤਿਹਾਸ ਵਿਚ ਇਸ ਤਰ੍ਹਾਂ ਰਲਗੱਡ ਕਰ ਦਿੱਤਾ ਜਾਵੇ ਕਿ ਮਿਥਿਹਾਸ ਵੀ ਇਤਿਹਾਸ ਹੀ ਲੱਗੇ। ਅਜਿਹਾ ਕਰਨਾ ਇਤਿਹਾਸ ਨਾਲ ਅਨਿਆਂ ਕਰਨਾ ਹੈ, ਕਿਉਂਕਿ ਮਿਥਿਹਾਸ ਦੇ ਪੈਰ ਨਹੀਂ ਹੁੰਦੇ। ਜੋ ਮਿੱਥ ਕੇ ਕੀਤਾ ਗਿਆ ਹੋਵੇ ਉਸ ਨੂੰ ਸਾਬਤ ਕਰਨਾ ਸੌਖਾ ਨਹੀਂ ਹੁੰਦਾ ਕਿਉਂਕਿ ਉਸ ਦੇ ਤੱਥ ਅਤੇ ਸਬੂਤ ਕਿਧਰੇ ਨਹੀਂ ਮਿਲਦੇ । ਇਸ ਤਰ੍ਹਾਂ ਦੇ ਕਾਰਜ ਨੂੰ ਇਤਿਹਾਸ ਵਿਚ ਰਲ਼ਾਅ ਤਾਂ ਕਿਹਾ ਜਾ ਸਕਦਾ ਹੈ ਜੋ ਕਿਸੇ ਖਾਸ ਮਕਸਦ ਨੂੰ ਪੂਰਾ ਕਰਨ ਵਾਸਤੇ ਪਾਇਆ ਗਿਆ ਹੁੰਦਾ ਹੈ- ਜਿਸ ਨੂੰ ਕਿਸੇ ਵੀ ਕੀਮਤ ਤੇ ਇਤਿਹਾਸ ਨਹੀਂ ਕਿਹਾ ਜਾਂ ਮੰਨਿਆਂ ਜਾ ਸਕਦਾ।
ਰਹੀ ਗੱਲ ਇਤਿਹਾਸ ਪੜ੍ਹਾਏ ਜਾਣ ਦੀ ਜੇ ਵਿਸ਼ਵ ਦਾ ਇਤਿਹਾਸ ਪੜ੍ਹਾਇਆ ਜਾ ਸਕਦਾ ਹੈ ਤਾਂ ਸਮੁੱਚੇ ਭਾਰਤ ਦਾ ਇਤਿਹਾਸ ਸਮੁੱਚੇ ਭਾਰਤ ਦੀਆਂ ਸਾਰੀਆਂ ਜ਼ੁਬਾਨਾਂ ਵਿਚ ਕਿਉਂ ਨਹੀਂ ਪੜ੍ਹਾਇਆ ਜਾਣਾ ਚਾਹੀਦਾ? ਸਿੱਖ ਗੁਰੂਆਂ ਦਾ ਇਤਿਹਾਸ ਸਾਰਾ ਪੰਜਾਬ ਜਾਣਦਾ ਹੈ ਇਸ ਨੂੰ ਸਾਰੇ ਹੀ ਭਾਰਤ ਵਾਸੀ ਜਾਣਦੇ ਹੋਣ ਤਾਂ ਇਹ ਕਿਤੇ ਬੇਹਤਰ ਹੋਵੇਗਾ। ਵਰਤਮਾਨ ਸਮੇਂ ਅੰਦਰ ਇਸ ਦੀ ਲੋੜ ਵੀ ਬਹੁਤ ਹੈ। ਇਸ ਤਰ੍ਹਾਂ ਪੜ੍ਹੇ ਜਾਣ ਨਾਲ ਸਮੁੱਚਾ ਇਤਿਹਾਸ ਸਭ ਦੀ ਪਕੜ ਵਿਚ ਆ ਜਾਵੇਗਾ, ਕੇਵਲ ਇਸ ਦੇ ਟੋਟੇ ਨਹੀਂ। ਉਂਜ ਵੀ ਇਤਿਹਾਸ ਨੂੰ ਸਿਲੇਬਸ ਦਾ ਹਿੱਸਾ ਬਣਾਏ ਜਾਣ ਵੇਲੇ ਇਸ ਨੂੰ ਫਿਰਕੂ ਨਜ਼ਰ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ – ਇਸਦੇ ਅਸਲ ਤੱਤ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਹਰ ਖਿੱਤੇ, ਹਰ ਵਰਗ, ਕੌਮ ਦੀ ਆਪੋ ਆਪਣੀ ਭੂਮਿਕਾ ਹੈ, ਜਿਸ ਨੂੰ ਅੱਖੋਂ ਓਹਲੇ ਕਰਨਾ ਇਨਸਾਫ ਨਹੀਂ ਆਖਿਆ ਜਾ ਸਕਦਾ।
ਪੰਜਾਬ ‘ਚ ਗਿਆਰ੍ਹਵੀਂ, ਬਾਰ੍ਹਵੀਂ ਜਮਾਤ ਦੀ ਪੁਸਤਕ ਵਿਚ ਇਤਿਹਾਸ ਦੇ ਕੱਢਣ ਪਾਣ ਵਾਲੇ ਰੌਲ਼ੇ-ਰੱਪੇ ਬਾਰੇ  ਹੁਣ ਤੱਕ ਦੋ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ ਜੋ ਇਤਿਹਾਸ ਦੀ ਨਜ਼ਰ ਮੁਤਾਬਕ ਨਿਰਣਾ ਦੇਣਗੀਆਂ – ਉਦੋਂ ਤੱਕ ਉਡੀਕ ਕਰਨੀ ਪਵੇਗੀ। ਪਰ ਹਾਂ, ਏਨੀ ਕੁ ਗੱਲ ਜ਼ਰੂਰ ਆਖੀ ਜਾ ਸਕਦੀ ਹੈ ਕਿ ਇਤਹਾਸ ਉਨ੍ਹਾਂ ਤੋਂ ਹੀ ਲਿਖਵਾਇਆ ਜਾਣਾ ਚਾਹੀਦਾ ਜਿਨ੍ਹਾਂ ਨੂੰ ਸਮਾਜ, ਧਰਮਾਂ ਅਤੇ ਸੱਭਿਆਚਾਰਾਂ ਦੀ  ਡੂੰਘੀ ਸਮਝ ਹੋਵੇ ਅਤੇ ਵਿਸ਼ੇ ਅਨੁਸਾਰ ਸ਼ਬਦਾਵਲੀ ਵਰਤੇ ਜਾਣ ਦੀ ਵੀ ਸਹੀ ਜਾਚ ਹੋਵੇ। ਅਜਿਹਾ ਹੋਵੇ ਤਾਂ ਇਤਿਹਾਸ ਛੇੜ-ਛਾੜ ਹੋਣ ਤੋਂ ਬਚ ਰਹੇਗਾ।