ਇਕਰਾਰ

ਕੇਹਰ ਸ਼ਰੀਫ਼

ਇਹ ਸਾਡਾ ਇਕਰਾਰ, ਜ਼ਮਾਨਾ ਬਦਲਾਂਗੇ।
ਪੱਕਾ ਲਿਆ ਹੈ ਧਾਰ, ਜ਼ਮਾਨਾ ਬਦਲਾਂਗੇ।

ਜਿੰਦ ਜਾਂਦੀ ਤਾਂ ਜਾਵੇ ਸਿਦਕ ਨਾ ਹਾਰਾਂਗੇ
ਜੇਰਾ ਸਾਡਾ ਯਾਰ, ਜ਼ਮਾਨਾ ਬਦਲਾਂਗੇ।

ਜਿੱਤੀਏ ਭਾਵੇਂ ਨਾ ਜਿੱਤੀਏ, ਕੋਈ ਫਿਕਰ ਨਹੀਂ
ਮੰਨਣੀ ਨਹੀਉਂ ਹਾਰ, ਜ਼ਮਾਨਾ ਬਦਲਾਂਗੇ।

ਬਿਨ ਲੜਿਆਂ ਮਰ ਜਾਣਾ ਇਹ ਵੀ ਠੀਕ ਨਹੀਂ
ਕਰਕੇ ਹੱਥ ਦੋ-ਚਾਰ, ਜ਼ਮਾਨਾ ਬਦਲਾਂਗੇ

ਜਿੱਤ ਜਾਂਦੇ ਨੇ ਚੋਰ ਤੇ ਲੋਕੀ ਹਰ ਜਾਂਦੇ
ਕਿਉਂ ਹੋਵੇ ਹਰ ਵਾਰ, ਜ਼ਮਾਨਾ ਬਦਲਾਂਗੇ।

ਕੋਈ ਕੁੱਝ ਵੀ ਸੋਚੇ ਅਸੀਂ ਤਾਂ ਹੋਵਾਂਗੇ
ਸਮਿਆਂ ‘ਤੇ ਅਸਵਾਰ ਜ਼ਮਾਨਾ ਬਦਲਾਂਗੇ।

ਰੰਗ ਨਸਲ ਦੇ ਸਾਰੇ ਪਾੜੇ ਮੁੱਕ ਜਾਣੇ
ਬਦਲੂ ਜਗਤ ਨੁਹਾਰ, ਜ਼ਮਾਨਾ ਬਦਲਾਂਗੇ।

ਚਾਨਣਾਂ ਦੇ ਸੰਗ ਯਾਰੀ ਉੱਡਣਾ ਸਿੱਖ ਲਿਆ
‘ਨੇਰੇ ਕਰਨ ਖੁਆਰ, ਜ਼ਮਾਨਾ ਬਦਲਾਂਗੇ।

ਕਾਫਲਿਆਂ ਬਿਨ ਬੇੜੀ ਬੰਨੇ ਨਹੀਂ ਲੱਗਣੀ
ਬੰਨ੍ਹਣੀ ਪਊ ਕਤਾਰ, ਜ਼ਮਾਨਾ ਬਦਲਾਂਗੇ।