ਇਕਬਾਲ ਅਰਪਨ ਯਾਦਗਾਰੀ ਪੁਰਸਕਾਰ ਸਮਾਰੋਹ

            ਅਰਪਨ ਲਿਖਾਰੀ  ਸਭਾ ਦਾ ਸਲਾਨਾ ਸਮਾਗਮ ਜੂਨ 9, 2018 ਨੂੰ ਟੈਂਪਲ ਕਮਿਉਨਟੀ ਹਾਲ ਵਿੱਚ ਬਹੁਤ ਹੀ ਉਤਸ਼ਾਹ ਅਤੇ ਹੁਲਾਸ ਨਾਲ ਮਨਾਇਆ ਗਿਆ। ਜਨਰਲ ਸਕੱਤਰ ਇਕਬਾਲ ਖ਼ਾਨ ਨੇ ਸਟੇਜ਼ ਦਾ ਸੰਚਾਲਨ ਸੰਭਾਲਦਿਆਂ ਸਭਾ ਦੀ ਪ੍ਰਧਾਨ ਸਤਪਾਲ ਕੌਰ ਬੱਲ, ਮੁੱਖ ਮਹਿਮਾਨ ਨਛੱਤਰ ਸਿੰਘ ਗਿੱਲ, ਇੰਡੀਆ ਤੋਂ ਆਏ ਡਾ. ਰਵੇਲ ਸਿੰਘ, ਨਾਵਲਕਾਰ ਨਛੱਤਰ ਸਿੰਘ, ਐਡਮਿਂਟਨ ਤੋਂ ਪੀ. ਆਰ. ਕਾਲੀਆ, ਕੈਲਗਰੀ ਤੋਂ ਡਾ. ਮਹਿੰਦਰ ਸਿੰਘ ਹਲਣ, ਨੂੰ ਪ੍ਰਧਾਨਗੀ ਮੰਡਲ ਵਿੱਚ ਸਿਸ਼ੋਵਤ ਹੋਣ ਲਈ ਬੇਨਤੀ ਕੀਤੀ।  ਡਾ. ਮਨਜੀਤ ਸਿੰਘ ਸੋਹਲ ਨੇ ਆਏ ਹੋਏ ਮਹਿਮਾਨਾਂ ਅਤੇ ਸਹਿਤ ਪ੍ਰੇਮੀਆਂ ਨੂੰ ਜੀ ਆਇਆਂ ਕਿਹਾ। ਪ੍ਰੋਗਰਾਮ ਦਾ ਅਗਾਜ਼ ਕੈਨੇਡਾ ਦੇ ਜੰਮਪਲ਼ ਸੱਤ ਸਾਲ ਦੇ ਗਰੁਪ ਦੇ ਬੱਚਿਆਂ, ਬਾਣੀ ਕੌਰ ਘਟੋੜਾ, ਅਰਮਾਨ ਸਿੰਘ ਘਟੋੜਾ ਨੇ ਕਵਿਤਾ ਗਾਇਨ ਅਤੇ ਅਠਾਰਾਂ ਸਾਲ ਤੋਂ ਘੱਟ ਬੱਚਿਆਂ (ਗੁਰਜੀਤ ਸਿੰਘ ਗਿੱਲ, ਝੁਜਾਰ ਸਿੰਘ ਗਿੱਲ) ਨੇ ਕਵੀਸ਼ਰੀ ਸੁਣਾ ਕੇ ਕੀਤਾ। ਕੈਨੇਡਾ ਦੇ ਜੰਮਪਲ਼ ਬੱਚਿਆਂ ਦੇ ਸ਼ੁਧ ਪੰਜਾਬੀ ਉਚਾਰਣ ਨੇ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ। ਇਨ੍ਹਾਂ ਬੱਚਿਆਂ ਨੂੰ ਸਭਾ ਵੱਲੋਂ ਪ੍ਰਸੰਸਾ-ਪੱਤਰ ਦੇ ਕੇ ਉਤਸ਼ਾਹਿਤ ਕੀਤਾ  ਗਿਆ।

ਲੇਖਕਾ ਅਮਰਜੀਤ ਕੌਰ ‘ਅਮਰ’ ਸਬੱਬ ਨਾਲ ਇੰਡੀਆ ਤੋਂ ਕੈਲਗਿਰੀ ਆਏ ਹੋਣ ਕਰਕੇ ਸਮਾਗਮ ਵਿੱਚ ਸ਼ਾਮਲ ਹੋ ਕੇ ਆਪਣੀ ਕਵਿਤਾ ਸਾਂਝੀ ਕੀਤੀ। ਗੁਰਮੀਤ ਕੌਰ ਸਰਪਾਲ ਨੇ ਇੱਕ ਕਵਿਤਾ ਪੇਸ਼ ਕੀਤੀ। ਕੈਲਗਰੀ ਦੇ ਪ੍ਰਸਿੱਧ ਸ਼ਾਇਰ ਕੇਸਰ ਸਿੰਘ ਨੀਰ ਗ਼ਜ਼ਲ ਪੇਸ਼ ਕੀਤੀ। ਮੱਖਣ ਕੋਹਾੜ ਐਡਮਿਂਟਨ ਤੋਂ ਆਏ ਹੋਏ ਸਹਿਤਕ ਦੋਸਤਾਂ ਨਾਲ ਸ਼ਾਮਲ ਹੋਏ, ਉਨ੍ਹਾਂ ਨੇ ਗ਼ਜ਼ਲ ਦੀ ਪੇਸ਼ਕਾਰੀ ਕੀਤੀ। ਐਡਮਿਂਟਨ ਤੋਂ ਆਏ ਬਖਸ਼ ਸੰਘਾ ਅਤੇ ਜੋਗਿੰਦਰ ਰੰਧਾਵਾਂ ਨੇ ਆਪਣੀਆਂ ਕਵਿਤਾਵਾਂ ਨਾਲ ਰੰਗ ਬੰਨਿਆ।

ਦਿੱਲੀ ਯੂਨੀਵਰਸਿਟੀ ਤੋਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਡਾ. ਰਵੇਲ ਸਿੰਘ ਨੇ ‘ਅਜੋਕਾ ਪੰਜਾਬੀ ਸਾਹਿਤ ਅਤੇ ਪੰਜਾਬ ਦੇ ਮੋਜ਼ੂਦਾ ਸੰਕਟ’ ਬਾਰੇ ਬਹੁਤ ਹੀ ਭਾਵਪੂਰਤ ਤੇ ਸੰਖ਼ੇਪ ਸ਼ਬਦਾਂ ਵਿੱਚ ਵਿਚਾਰ ਪ੍ਰਗਟ ਕਰਦਿਆਂ ਬਾਹਰ ਬੈਠੇ ਲੇਖਕਾਂ ਨੂੰ ਇੱਥੋਂ ਦੀਆਂ ਸਮੱਸਿਆਵਾਂ ਬਾਰੇ ਚੇਤੰਨ ਹੋ ਕੇ ਲਿਖਣ ਲਈ ਅਪੀਲ ਕੀਤੀ। ਨਾਲ ਹੀ ਉਨ੍ਹਾਂ ਭਰਵਾਂ ਇਕੱਠ ਦੇਖਦਿਆਂ ਕੈਲਗਰੀ ਨਿਵਾਸੀਆਂ ਦੀ ਭਰਪੂਰ ਸ਼ਲਾਘਾ ਕੀਤੀ ਕਿ ਮੈਂ ਅਕਸਰ ਦਿੱਲੀ ਅਤੇ ਪੰਜਾਬ ਵਿੱਚ ਵੀ ਸਾਹਿਤਕ ਇਕੱਠ ਵਿੱਚ ਜਾਂਦਾ ਰਹਿੰਦਾ ਹਾਂ ਇੰਨਾ ਇਕੱਠ ਤਾਂ ਓਥੇ ਵੀ ਨਹੀਂ ਹੁੰਦਾ। ਤੁਸੀਂ ਵਧਾਈ ਦੇ ਪਾਤਰ ਹੋ ਜੋ ਪੰਜਾਬ ਤੋਂ ਬਾਹਰ ਬੈਠੇ ਵੀ ਮਾਂ ਬੋਲੀ ਨੂੰ ਏਨਾ ਪਿਆਰ ਕਰਦੇ ਹੋ। ਦਿੱਲੀ ਤੋਂ ਹੀ ਇਸ ਸਮਾਗਮ ਵਿੱਚ ਸ਼ਾਮਲ ਹੋਏ ਪ੍ਰਸਿੱਧ ਨਾਵਲਕਾਰ ਨਛੱਤਰ ਸਿੰਘ ਨੇ ਜਿਸ ਦੇ ਨਾਵਲ ‘ਸਲੋਅ ਡਾਉਨ’ ਨੂੰ ‘ਰਾਸ਼ਟਰੀ ਸਾਹਿਤ ਅਕੈਡਮੀ ਦਿੱਲੀ’ ਨੇ ਸਨਮਾਨਿਤ ਕੀਤਾ, ਉਨ੍ਹਾਂ ਨੇ ਨਾਵਲ ਵਿਧਾ ਬਾਰੇ ਵਿਚਾਰ ਪ੍ਰਗਟ ਕੀਤੇ। ਡਾ. ਕਾਲੀਆ ਜੋ ਐਡਮਿਂਟਨ ਤੋਂ ਨਿਕਲਦੇ ਏਸ਼ੀਅਨ ਟਾਇਮਜ਼ ਦੇ ਐਡੀਟਰ ਹਨ, ਨੇ  ਆਪਣੇ ਵਿਚਾਰ ਪ੍ਰਗਟ ਕਰਦਿਆਂ ਕਾਰਲ ਮਾਰਕਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਇੱਕ ਹਿੰਦੀ ਕਵਿਤਾ ਸੁਣਾਈ। ਕੈਲਗਰੀ ਨਿਵਾਸੀ ਹਰਨੇਕ ਬੱਧਨੀ, ਗੁਰਚਰਨ ਕੌਰ ਥਿੰਦ, ਸੁਖਵਿੰਦਰ ਸਿੰਘ ਤੂਰ, ਅਮਰੀਕ ਸਿੰਘ ਚੀਮਾਂ, ਜਸਵੀਰ ਸਿੰਘ ਸਿਹੋਤਾ, ਜਸਵੰਤ ਸਿੰਘ ਸੇਖੋਂ, ਸਰੂਪ ਸਿੰਘ ਮੰਡੇਰ ਅਤੇ ਜੋਗਾ ਸਿੰਘ ਸਿਹੋਤਾ ਨੇ ਆਪੋ ਆਪਣੇ ਰਚਨਾਵਾਂ ਨਾਲ ਸਿਰੋਤਿਆਂ ਨੂੰ ਨਿਹਾਲ ਕੀਤਾ।

ਸਭਾ ਦੀ ਪ੍ਰਧਾਨ ਸਤਪਾਲ ਕੌਰ ਬੱਲ ਨੇ ਸਭਾ ਦੀ ਕਾਰਗੁਜ਼ਾਰੀ, ਅਤੇ ਹੁਣ ਤੱਕ ਸਭਾ ਵੱਲੋਂ ਸਨਮਨਿਤ ਕੀਤੇ ਜਾ ਚੁੱਕੇ ਸਾਹਿਤਕਾਰਾਂ ਬਾਰੇ ਦੱਸਿਆ। ਉਨ੍ਹਾਂ ਨੇ ਇਕਬਾਲ ਅਰਪਨ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਇਸ ਵਾਰ ਸਨਮਾਨਿਤ ਕੀਤੇ ਜਾ ਰਹੇ ਸਾਹਿਤਕਾਰ ਨਛੱਤਰ ਸਿੰਘ ਗਿੱਲ ਦੀਆਂ ਸਾਹਿਤਕ ਪ੍ਰਪਤੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਉਪਰੰਤ ਸਨਮਾਨ ਸਮਾਰੋਹ ਦੀ ਰਸਮ, ਸਭਾ ਦੀ ਕਾਰਜਕਾਰਨੀ ਦੇ ਮੈਂਬਰਾਂ ਵੱਲੋਂ ਨਛੱਤਰ ਸਿੰਘ ਗਿੱਲ ਨੂੰ ਅਰਪਨ ਯਾਦਗਾਰੀ ਪਲੈਕ ਦੇ ਰੂਪ ਵਿੱਚ ਸਨਮਾਨ ਚਿੰਨ, ਇੱਕ ਹਜ਼ਾਰ ਡਾਲਰ ਅਤੇ ਇੱਕ ਸ਼ਾਲ ਦੇ ਕੇ ਸਨਮਾਨਿਤ ਕਰਕੇ ਨਿਭਾਈ ਗਈ। ਇਸ ਤੋਂ ਇਲਾਵਾ, ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਵੇਲ ਸਿੰਘ, ਨਾਵਲਕਾਰ ਨਛੱਤਰ ਸਿੰਘ, ਮੱਖਣ ਕੋਹਾੜ ਅਤੇ ਅਮਰਜੀਤ ਕੌਰ ‘ਅਮਰ’ ਨੂੰ ਵੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਤੋਂ ਬਾਅਦ ਵੈਨਕੋਵਰ ਤੋਂ ਨਾਮਵਰ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਨਛੱਤਰ ਸਿੰਘ ਗਿੱਲ ਬਾਰੇ ਜਾਣਕਾਰੀ ਦਿੰਦਿਆ ਆਖਿਆ ਕਿ ਨਛੱਤਰ ਸਿੰਘ ਗਿੱਲ ਨੇ ਕੈਨੇਡੀਅਨ ਸੋਸਾਇਟੀ ਵਿਚਲੀਆਂ ਗ਼ੰਭੀਰ ਸਮੱਸਿਆਵਾਂ ਨੂੰ ਆਪਣੇ ਕਲੇਵਰ ਵਿੱਚ ਲਂੈਦਿਆਂ ਨਾਵਲ ਨੂੰ ਸਮੇਂ ਦੇ ਹਾਣੀ ਦਾ ਬਣਇਆ ਹੈ। ਨਛੱਤਰ ਕੋਲ ਪੰਜਾਬ ਅਤੇ ਕੈਨੇਡਾ ਵਿੱਚ ਰਹਿਣ ਦਾ ਦੋਹਰਾ ਅਨੁਭਵ ਹੈ। ਸਾਨੂੰ ਨਛੱਤਰ ਸਿੰਘ ਕੋਲ਼ੋ ਅਜੇ ਬਹੁਤ ਸਾਰੀਆਂ ਆਸਾਂ ਹਨ। ਗੁਰਚਰਨ ਸਿੰਘ ਟੱਲੇਵਾਲ਼ੀਆ ਨੇ ਨਛੱਤਰ ਗਿੱਲ ਬਾਰੇ, ਡਾ. ਸੁਰਜੀਤ ਬਰਾੜ ਘੋਲੀਆ ਦਾ ਲਿਖਿਆ ਹੋਇਆ ਪੇਪਰ ਪੜ੍ਹਿਆ ਜਿਸ ਨੂੰ ਸਰੋਤਿਆਂ ਵੱਲੋਂ ਬਹੁਤ ਸਲਾਹਿਆ ਗਿਆ।

ਨਛੱਤਰ ਸਿੰਘ ਗਿੱਲ ਹੋਰਾਂ ਨੇ ਅਰਪਨ ਲਿਖਾਰੀ ਸਭਾ ਦਾ ਧੰਨਵਾਦ ਕਰਦਿਆਂ, ਉਨ੍ਹਾਂ ਆਖਿਆ ਕਿ ਇਕਬਾਲ ਆਰਪਨ ਯਾਦਗਰੀ ਐਵਾਰਡ ਲੈਂਦਿਆਂ ਮੈਂ ਖੁਸ਼ੀ ਮਹਿਸੂਸ ਕਰਦਾ ਹਾਂ। ਕਿਉਂਕਿ ਇਕਬਾਲ ਅਰਪਨ ਜੀ ਆਪ ਵੀ ਇੱਕ ਬਹੁਤ ਵਧੀਆ ਅਤੇ ਹਰਮਨ ਪਿਆਰੇ ਇਨਸਾਨ ਦੇ ਨਾਲ ਨਾਲ ਲੇਖਕ ਅਤੇ ਸਮਾਜ ਸੇਵਕ ਸਨ। ਇਸ ਸਨਮਾਨ ਨਾਲ ਮੇਰੀਆਂ ਜ਼ਿੰਮੇਵਾਰੀਆਂ ਹੋਰ ਵੀ ਵੱਧ ਗਈਆਂ ਹਨ। ਮੈਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਮਿਆਰੀ ਰਚਨਾ ਕਰਨ ਦੀ ਕੋਸ਼ਿਸ਼ ਕਰਾਂਗਾ।

ਇਸ ਸਮਾਗਮ ਦੋਰਾਨ ਮਿਆਰੀ ਪੁਸਤਕਾਂ ਦੀ ਸਫ਼ਲ ਪ੍ਰਦਰਸ਼ਨੀ ਲਗਾਈ ਗਈ। ਖ਼ਾਸ ਕਰਕੇ ਛੋਟੇ ਬੱਚਿਆਂ ਲਈ ਗੁਰਮੁਖੀ ਵਿੱਚ ਲਿਖੀਆਂ ਸਿੱਖ ਇਤਿਹਾਸ ਦੀਆਂ, ਅਤੇ ਗੁਰਮੁਖੀ ਲਿਖਣ-ਪੜ੍ਹਨ ਅਭਿਆਸ ਪੁਸਤਕਾਂ ਚਾਹਵਾਨਾਂ ਨੂੰ ਮੁਫ਼ਤ ਵੰਡੀਆਂ ਗਈਆਂ। ਸਤਪਾਲ ਕੌਰ ਬੱਲ ਨੇ ਵੱਲੋਂ ਆਏ ਹੋਏ ਸਾਰੇ ਹੀ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਬਹੁਤ ਸਾਰੀਆਂ ਪੰਜਾਬੀ ਭਾਈਚਾਰੇ ਦੀਆਂ ਸੰਸਥਾਵਾਂ ਦੇ ਮੈਂਬਰਾਂ, ਐਡਮਿਂਟਨ ਅਤੇ ਵੈਨਕੋਵਰ ਸਾਹਿਤਕ ਦੋਸਤਾਂ, ਪੰਜਾਬੀ ਮੀਡੀਆ, ਆਪਣੇ ਭਾਈਚਾਰੇ ਦੇ, ਖ਼ਾਸ ਕਰਕੇ ਸਪੌਂਸਰ ਵੀਰਾਂ ਭੈਣਾਂ ਵੱਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੀ ਸਫ਼ਲਤਾ ਲਈ ਨਿਰਸੁਆਰਥ ਵਲ਼ਟੀਅਰਜ਼ ਅਤੇ ਸਭਾ ਦੇ ਮੈਂਬਰਾਂ ਨੂੰ ਵਧਾਈ ਦਿੱਤੀ। ਐਡਮਿਂਟਨ ਤੋਂ, ਨਵੀਂ ਦੁਨੀਆਂ, ਦੇ ਕਿਰਤਮੀਤ, ਨਵਤੇਜ ਬੈਂਸ, ਏਸ਼ੀਅਨ ਅਖ਼ਬਾਰ ਦੇ ਪੀ. ਆਰ. ਕਾਲੀਆ,  ਕੈਲਗਿਰੀ ਤੋਂ ਸਿੱਖ ਵਿਰਸਾ ਮੈਗਜ਼ੀਨ ਦੇ ਐਡੀਟਰ ਹਰਚਰਨ ਸਿੰਘ ਪਰਹਾਰ ਨੇ ਸਮਾਗਮ ਨੂੰ ਕਵਰ ਕੀਤਾ। ਫੋਟੋਗ੍ਰਾਫ਼ੀ ਲਈ ਦਿਲਜੀਤ ਹੁਝੰਣ ਅਤੇ ਬਲਦੇਵ ਸਿੰਘ ਢਾਹ ਦਾ ਵਿਸ਼ੇਸ਼ ਯੋਗਦਾਨ ਰਿਹਾ। ਆਉਂਦੇ ਸਾਲ ਫੇਰ ਇਸੇ ਤਰ੍ਹਾਂ ਮਿਲਣ ਦੀ ਆਸ ਤੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।

ਸ਼ਾਮ ਨੂੰ ਬਾਹਰੋਂ ਆਏ ਹੋਏ ਮਹਿਮਾਨਾਂ ਲਈ ਆਯੋਜਤ ਕੀਤੇ ਡਿਨਰ ਸਮੇਂ ਸਭਾ ਦੇ ਮੌਜੂਦ ਮੈਂਬਰਾਂ ਵੱਲੋਂ ਪੰਜਾਬੀ ਸਾਹਿਤ ਬਾਰੇ ਖੁੱਲ੍ਹਾ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਹਿਤਕ ਮਿਲਣੀ ਦੋਰਾਨ ਜਿੱਥੇ ਸਾਹਿਤਕਾਰਾਂ ਨਾਲ ਲਿਖਣ ਵਿਧਾ ‘ਤੇ ਡੂੰਘੀ ਚਰਚਾ ਹੋਈ ਉੱਥੇ ਸਤਨਾਮ ਸਿੰਘ ਢਾਹ ਵੱਲੋਂ ਦਿੱਲੀ ਵਿੱਚ ਪੰਜਾਬੀ ਬੋਲੀ ਦੇ ਭਵਿੱਖ ਬਾਰੇ ਅਤੇ ਸਾਹਿਤ ਅਕਦਮੀ ਦਿੱਲੀ ਦੇ ਕੀਤੇ ਕੰਮਾਂ ਬਾਰੇ ਪੁੱਛੇ ਗਏ ਸਵਾਲਾਂ ਦੇ ਡਾ. ਰਵੇਲ ਸਿੰਘ ਨੇ ਬਹੁਤ ਹੀ ਵਿਸਥਾਰ ਨਾਲ ਅਤੇ ਤਸੱਲੀਬਖ਼ਸ਼ ਜੁਆਬ ਦਿੰਦਿਆਂ ਆਖਿਆ ਕਿ ਕੈਨੇਡਾ ਅਤੇ ਦਿੱਲੀ ਵਿੱਚ ਪੰਜਾਬੀ ਬੋਲੀ ਦਾ ਭਵਿੱਖ ਪੰਜਾਬ ਨਾਲੋਂ ਕਿਤੇ ਬਿਹਤਰ ਦਿਖਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਬੋਲੀ ਨੂੰ ਜਿਉਂਦਾ ਰੱਖਣ ਲਈ, ਬੋਲੀ ਨੂੰ ਬੋਲਣ ਵਾਲੇ ਲੋਕ ਅਤੇ ਉਸ ਦੇ ਵਧੀਆ ਭਵਿੱਖ ਲਈ ਯਤਨਸ਼ੀਲ ਲੋਕ ਹੀ ਜਿਉਂਦਾ ਰੱਖਦੇ ਹਨ। ਉਨ੍ਹਾਂ ਨੇ ਅਰਪਨ ਲਿਖਾਰੀ ਸਭਾ ਵੱਲੋਂ ਕਿਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।

ਹੋਰ ਜਾਣਕਾਰੀ ਲਈ ਸਤਪਾਲ ਕੌਰ ਬੱਲ ਨੂੰ 403-590-1403, ਇਕਬਾਲ ਖ਼ਾਨ ਨੂੰ 403-921-8736 ਤੇ ਸੰਪਰਕ ਕੀਤਾ ਜਾ ਸਕਦਾ।