ਸ਼ੋਸ਼ਲ ਮੀਡੀਆ ਤੇ ਜਰਾ ਸੋਚ ਕੇ..

(ਸਮਾਜ ਵੀਕਲੀ)

ਅਸੀਂ ਤਾਂ ਇਹੋ ਜਿਹੇ ਹਾਂ ਜੇ ਸਾਡਾ ਕੋਈ ਸਾਥੀ ਕੰਮ ਕਰੇ ਅਸੀਂ ਉਸਦੀ ਉਸਤਤ ਨਹੀਂ ਕਰਦੇ ,ਸਗੋਂ ਉਸ ਦੀਆਂ ਲੱਤਾਂ ਫੜ ਕੇ ਹੇਠਾਂ ਸੁੱਟ ਲੈਨੇ ਆਂ ਕਿ ਤੂੰ ਕਿਵੇਂ ਕਿਸੇ ਦਾ ਭਲਾ ਕਰ ਸਕਦਾਂ ,ਕਰ ਕੇ ਦਿਖਾ! ਅਸੀਂ ਤਾਂ ਸਿਖਰ ਤੋਂ ਹੇਠਾਂ ਸੁੱਟ ਲੈਣਾ । ਇਹ ਆਦਤ ਹੈ ਸਾਡੀ ਜਾਂ ਸਾਡੇ ਵਿੱਚ ਅੱਗੇ ਵਧਣ ਦੀ ਤਾਕਤ ਹੀ ਨਹੀਂ।ਪਤਾ ਨਹੀਂ ਸਾਡੀਆਂ ਰਗਾਂ ਵਿੱਚ ਕਿਹੜੇ ਰੰਗ ਦਾ ਲਹੂ ਵਗਦਾ ਕਿ ਅਸੀਂ ਹਮੇਸ਼ਾ ਪੁੱਠਾ ਹੀ ਚੱਲਦੇ ਹਾਂ। ਸਾਡੀ ਇਨਸਾਨੀਅਤ ਵੀ ਲੱਗਦਾ ਮਰ ਚੁੱਕੀ ਹੈ। ਚੌਧਰਾਂ ਦੇ ਮਾਰੇ ਅਸੀਂ ਆਪਣਾ ਤੇ ਦੂਜਿਆਂ ਦਾ ਨੁਕਸਾਨ ਬਿਨਾਂ ਸੋਚੇ ਸਮਝੇ ਹੀ ਕਰੀ ਜਾ ਰਹੇ ਹਾਂ। ਆਕੜ ਜਾਂ ਗੁੱਸਾ ਸਾਡੇ ਗਲ਼ ਤੱਕ ਭਰਿਆ ਪਿਆ ਹੈ। ਪੜ ਲਿਖ ਕੇ ਵੀ ਕਈਆਂ ਨੂੰ ਇਹ ਸਮਝ ਨਹੀਂ ਆਈ ਕਿ ਸਮਾਜ ਵਿੱਚ ਵਿਚਰਨਾ ਕਿਵੇਂ ਹੈ। ਫੋਕੀ ਆਕੜ ਤੇ ਟੌਹਰ ਦਿਖਾਵੇ ਦੇ ਬਣ ਆਪਣੀਆਂ ਰਿਸ਼ਤੇਦਾਰੀਆਂ ਅਤੇ ਸਮਾਜ ਨੂੰ ਭੁੱਲ ਗਏ ਹਾਂ।

ਅੱਜ ਦੇ ਹਾਲਾਤ ਤਾਂ ਹੋਰ ਵੀ ਮਾੜੇ ਹੋ ਗਏ ਹਨ, ਜਦੋਂ ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਚੰਗੇ ਪਾਸੇ ਨਹੀਂ ਬਲਕਿ ਆਪਣੇ ਦਿਲਾਂ ਦੀ ਭੜਾਸ ਕੱਢਣ ਲਈ ਕਰਦੇ ਹਾਂ। ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰੀ ਇਸ ਛੋਟੀ ਜਿਹੀ ਬੇਵਕੂਫੀ ਦਾ ਖ਼ਮਿਆਜਾ ਪਤਾ ਨਹੀਂ ਹੋਰ ਕਿੰਨੇ ਲੋਕਾਂ ਦੇ ਸਬੰਧਾਂ ਵਿੱਚ ਵਿਗਾੜ ਪੈਦਾ ਕਰੇਗਾ। ਬਸ ਅਸੀਂ ਤਾਂ ਆਪਣਾ ਨਾਂ ਚਮਕਾਉਣ ਵਿੱਚ ਲੱਗੇ ਹੁੰਦੇ ਹਾਂ ਜਾਂ ਕਹਿ ਲਓ ਕਿ ਸ਼ੋਸ਼ਲ ਮੀਡੀਆ ਤੇ ਆਪਣੀ ਪਾਵਰ ਸ਼ੋ ਕਰਨ ਵਿੱਚ ਲੱਗੇ ਰਹਿੰਦੇ ਹਾਂ। ਸਾਨੂੰ ਸਭ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਫੋਨ, ਫੇਸਬੁੱਕ ਜਾਂ ਕਿਸੇ ਹੋਰ ਪਲੇਟਫਾਰਮ ਤੇ ਬੋਲਣਾ ਆਸਾਨ ਹੁੰਦਾ ਹੈ । ਜਦੋਂ ਓਹੀ ਗੱਲਾਂ ਅਸੀਂ ਆਪਣੇ ਕਿਸੇ ਜਾਣ ਪਹਿਚਾਣ ਵਾਲੇ ਨੂੰ ਮਿਲ ਕੇ ਕਹਿਣੀਆਂ ਹੋਣ ਤਾਂ ਸਾਡਾ ਇਨਸਾਨੀ ਰੂਪ ਕਹਿਣ ਹੀ ਨਹੀਂ ਦੇਵੇਗਾ।

ਸਗੋਂ ਅਸੀਂ ਉਸ ਬੰਦੇ ਨੂੰ ਬੜੇ ਹੀ ਪਿਆਰ ਨਾਲ ਮਿਲਾਂਗੇ ਅਤੇ ਗੱਲ ਨੂੰ ਵੀ ਹੋਰ ਢੰਗ ਨਾਲ ਕਹਾਂਗੇ ਜਿਸ ਨਾਲ ਸਾਡੇ ਸਬੰਧ ਨਹੀਂ ਵਿਗੜ ਸਕਦੇ। ਇਸ ਲਈ ਗੱਲ ਤਾਂ ਏਥੇ ਮੁੱਕਦੀ ਹੈ ਕਿ ਦੋਸਤੋ ਜੇਕਰ ਕਿਸੇ ਨਾਲ ਤੁਹਾਡੇ ਵਿਚਾਰ ਨਹੀਂ ਮਿਲਦੇ ਜਾਂ ਕਿਸੇ ਦਾ ਕੰਮ ਨਹੀਂ ਚੰਗਾ ਲੱਗਦਾ ਉਸ ਨੂੰ ਮਿਲ ਕੇ ਆਪਣੇ ਮਨ ਮਿਟਾਓ ਖਤਮ ਕਰ ਲੈਣਾ ਬਹੁਤ ਚੰਗਾ ਹੋਵੇਗਾ, ਨਹੀਂ ਤਾਂ ਬੰਦਾ ਖਤਮ ਹੋ ਜਾਂਦਾ ਹੈ, ਪਰ ਤੁਹਾਡੇ ਮਨ ਵਿਚਲੇ ਕੁੜਤਣ ਭਰੇ ਵਿਚਾਰ ਮਨ ਵਿੱਚ ਹੀ ਰਹਿ ਜਾਂਦੇ ਹਨ। ਇਸ ਟੈਂਸ਼ਨ ਦੇ ਦੌਰ ਵਿੱਚ ਇਨਸਾਨ ਦੀਆਂ ਹੋਰ ਮੁਸ਼ਕਿਲਾਂ ਹੀ ਬਹੁਤ ਹਨ । ਚੰਗਾ ਤਾਂ ਇਹੀ ਹੋਵੇਗਾ ਕਿ ਬਿਨਾਂ ਮਤਲਬ ਦੀਆਂ ਮੁਸੀਬਤਾਂ ਜਾਂ ਵਿਚਾਰਾਂ ਦਾ ਬੋਝ ਮਨ ਤੇ ਨਾ ਪਾਇਆ ਜਾਵੇ। ਇਹ ਜਰੂਰੀ ਨਹੀਂ ਕਿ ਹਰ ਬੰਦਾ ਤੁਹਾਡੇ ਵਾਂਗ ਸੋਚੇ ਜਾਂ ਤੁਹਾਡੇ ਵਰਗਾ ਕੰਮ ਕਰੇ। ਹਰ ਇੱਕ ਦਾ ਸੁਭਾਅ ਵੱਖ ਹੁੰਦਾ ਹੈ।

ਏਥੋਂ ਤੱਕ ਦੋ ਭਰਾ ਇੱਕ ਮਾਂ ਤੋਂ ਪੈਦਾ ਹੋ ਕੇ ਵੀ ਵਿਚਾਰਾਂ ਪੱਖੋਂ ਅਲੱਗ ਅਲੱਗ ਹੁੰਦੇ ਹਨ। ਅਸੀਂ ਪੰਦਰਵੇਂ ਪਾਸੇ ਜਾ ਕੇ ਦੂਜੇ ਨੂੰ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਲੜੀ ਜਾਨੇ ਹਾਂ। ਅਸੀਂ ਕੁਦਰਤ ਦੀ ਇਸ ਮਰਿਆਦਾ ਨੂੰ ਭੰਗ ਨਹੀਂ ਕਰ ਸਕਦੇ ਨਹੀਂ ਤਾਂ ਹੁਣ ਤੱਕ ਦੇਸ਼ ਦੇ ਵੱਡੇ ਵੱਡੇ ਲੋਕ ਸਾਡੇ ਕਹਿਣ ਤੇ ਸਾਡੀ ਗੱਲ ਸੁਣ ਕੇ ਸਾਡੇ ਹੀ ਬਣ ਜਾਂਦੇ ਅਤੇ ਸਾਡੀਆਂ ਸਮੱਸਿਆਵਾਂ ਦਾ ਹੱਲ ਵੀ ਕੱਢ ਦਿੰਦੇ। ਆਪਾਂ ਸਭ ਨੂੰ ਪਤਾ ਹੈ ਏਦਾਂ ਨਹੀਂ ਹੋ ਸਕਦਾ। ਫੇਰ ਕਿਉਂ ਅਸੀਂ ਦੂਜਿਆਂ ਦੇ ਬਾਰੇ ਬਿਨਾਂ ਮਤਲਬ ਤੋਂ ਵ੍ਹਟਸਐਪ ,ਫੇਸਬੁਕ ਜਾਂ ਕਿਸੇ ਹੋਰ ਮੀਡੀਆ ਤੇ ਉਲਟਾ ਸਿੱਧਾ ਬੋਲਦੇ ਹਾਂ।

ਤਮਾਸ਼ਾ ਓਦੋਂ ਹੋਰ ਵੀ ਬਣ ਜਾਂਦਾ ਜਦੋਂ ਇੱਕੋ ਸਮੱਸਿਆ ਵਾਲੇ ਲੋਕ ਆਪਣੇ ਨਾਲ ਦੇ ਸਾਥੀਆਂ ਨੂੰ ਮੀਡੀਆ ਤੇ ਉਲਟ ਬੋਲ ਕੇ ਜਾਂ ਪ੍ਰਧਾਨਗੀ ਚਮਕਾਉਣ ਲਈ ਪੁੱਠਾ ਸਿੱਧਾ ਲਿਖਦੇ ਹਨ। ਅਜਿਹੇ ਲੋਕ ਇੱਕ ਪਾਸੇ ਇੱਕ ਗਰੁੱਪ ਵਿੱਚ ਬਹੁਤ ਚੰਗੇ ਬਣਦੇ ਹਨ ਅਤੇ ਦੂਜੇ ਪਾਸੇ ਦੂਜੇ ਗਰੁੱਪ ਵਿੱਚ ਭੜਕਾਊ ਬਿਆਨ ਦਿੰਦੇ ਹਨ। ਫੇਰ ਤਾਂ ਰੱਬ ਹੀ ਰਾਖਾ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ। ਸੋ ਗੱਲ ਤਾਂ ਹੈ ਕਿ ਬਿਨਾਂ ਮਤਲਬ ਸ਼ੋਸ਼ਲ ਮੀਡੀਆ ਤੇ ਕਿਸੇ ਨੂੰ ਭੰਡਣਾ ਸਾਡੇ ਆਪਸੀ ਸਬੰਧਾਂ ਵਿੱਚ ਵਿਗਾੜ ਹੀ ਪੈਦਾ ਕਰਦਾ ਹੈ।

ਸਾਨੂੰ ਸਭ ਨੂੰ ਫੋਨ ਅਤੇ ਮੀਡੀਆ ਤੇ ਕਦੇ ਤਲਖ਼ੀ ਭਰੇ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜਿੰਨਾ ਚਿਰ ਸਿਰੋਂ ਪਾਣੀ ਨਾ ਲੰਘੇ ਸਗੋਂ ਉਸ ਬੰਦੇ ਨੂੰ ਮਿਲ ਕੇ ਹੀ ਗੱਲਬਾਤ ਕਰਨੀ ਚਾਹੀਦੀ ਹੈ ਜਿਸ ਨਾਲ ਕੋਈ ਰੋਜ਼ ਹੋਵੇ ਕਿਓਂ ਕਿ ਕਿਹਾ ਜਾਂਦਾ ਹੈ ਇਨਸਾਨ ਵਿੱਚ ਹੀ ਰੱਬ ਹੈ ਜਦੋਂ ਅਸੀਂ ਸਾਹਮਣੇ ਹੁੰਦੇ ਹਾਂ ਇਹ ਪੱਕਾ ਹੈ ਕਿ ਗੱਲਬਾਤ ਦਾ ਅਤੇ ਸਾਡਾ ਨਜ਼ਰੀਆ ਹੀ ਬਦਲ ਜਾਵੇਗਾ ਅਤੇ ਸਾਡੇ ਸਬੰਧ ਵੀ ਸੁਖਾਵੇਂ ਰਹਿਣਗੇ।

ਧਰਮਿੰਦਰ ਸਿੰਘ ਮੁੱਲਾਂਪੁਰੀ

ਮੋਬਾ 9872000461

Previous articleਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਆਪ ਸਰਕਾਰ ਵਿਧਾਇਕਾਂ ਨੂੰ ਰਾਜਨੀਤੀ ਦੀ ਮੰਡੀ ਵਿੱਚ ਵਿਕਣ ਦਾ ਦਾਅਵਾ ਕਰ ਰਹੀ -ਨਵਤੇਜ ਸਿੰਘ ਚੀਮਾ
Next articleਅਧਿਆਪਕ ਉਡੀਕ ਰਹੇ ਹਨ ਮੁੱਖ ਮੰਤਰੀ ਦੇ ਗੈਰ ਵਿੱਦਿਅਕਕੰਮਾਂ ਤੋਂ ਛੋਟ ਦੇ ਵਾਇਦੇ ਕਦੋਂ ਵਫ਼ਾ ਹੋਣਗੇ – ਡੀ.ਟੀ.ਐਫ