ਫ਼ੀਫ਼ਾ ਵਿਸ਼ਵ ਕੱਪ ਖੇਡਣ ਲਈ ਦੌੜ ਹੋਈ ਤੇਜ਼

ਪ੍ਰੋ. ਸੁਦੀਪ ਸਿੰਘ ਢਿੱਲੋਂ
ਇਨ੍ਹੀਂ ਦਿਨੀਂ ਓਹ ਵੇਲਾ ਆ ਗਿਆ ਹੈ ਜਦੋਂ ਅਗਲੇ ਸਾਲ ਰੂਸ ਵਿੱਚ ਹੋਣ ਵਾਲੇ ਫੁਟਬਾਲ ਵਿਸ਼ਵ ਕੱਪ ਵਿੱਚ ਖੇਡਣ ਦਾ ਮਾਣ ਹਾਸਲ ਕਰਨ ਵਾਲੇ ਵੱਖ ਵੱਖ ਮੁਲਕਾਂ ਦਰਮਿਆਨ ਲੱਗੀ ਦੌੜ ਹੋਰ ਤੇਜ਼ ਹੋ ਗਈ ਹੈ। ਵਿਸ਼ਵ ਕੱਪ ਲਈ ਹੋ ਰਹੇ ਕੁਆਲੀਫਾਇੰਗ ਮੁਕਾਬਲਿਆਂ ਦਾ ਇਸ ਸੀਜ਼ਨ ਦਾ ਆਖਰੀ ਅਤੇ ਮੁੱਖ ਦੌਰ ਲੰਘੇ ਦਿਨੀਂ ਸ਼ੁਰੂ ਹੋਇਆ ਹੈ। ਰੂਸ ਨੂੰ ਮੇਜ਼ਬਾਨ ਹੋਣ ਦੇ ਨਾਤੇ ਜਿੱਥੇ ਸਿੱਧਾ ਦਾਖ਼ਲਾ ਮਿਲਿਆ ਹੈ, ਉੱਥੇ ਹੁਣ ਤੱਕ ਕੁਆਲੀਫਾਇੰਗ ਗੇੜ ਰਾਹੀਂ ਦੋ ਮੁਲਕ ਵਿਸ਼ਵ ਕੱਪ ਦਾ ਟਿਕਟ ਕਟਾ ਚੁੱਕੇ ਹਨ।
ਵਿਸ਼ਵ ਕੱਪ ਦੀ ਇਸ ਫਸਵੀਂ ਦੌੜ ਵਿੱਚ ਸਭ ਤੋਂ ਪਹਿਲਾਂ ਬ੍ਰਾਜ਼ੀਲ ਨੇ ਉਰੂਗੁਏ ਨੂੰ ਹਰਾ ਕੇ ਆਪਣੀ ਥਾਂ ਪੱਕੀ ਕੀਤੀ। ਪੰਜ ਵਾਰ ਦੇ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਤੋਂ ਇਲਾਵਾ ਦੂਜਾ ਮੁਲਕ ਇਰਾਨ ਹੈ। ਬ੍ਰਾਜ਼ੀਲ ਤੋਂ ਇਲਾਵਾ ਦੱਖਣੀ ਅਮਰੀਕੀ ਮਹਾਂਦੀਪ ਵਿੱਚੋਂ ਸਿਖਰਲੀਆਂ ਚਾਰ ਟੀਮਾਂ ਆਪਣੇ-ਆਪ ਕੁਆਲੀਫਾਈ ਕਰਨਗੀਆਂ। ਅਰਜਨਟੀਨਾ ਆਪਣੇ ਸਟਾਰ ਖਿਡਾਰੀ ਲਿਓਨੇਲ ਮੈਸੀ ਦੇ ਚਿਲੀ ਖ਼ਿਲਾਫ਼ ਇਕਮਾਤਰ ਗੋਲ ਦੇ ਜ਼ੋਰ ਉੱਤੇ ਆਪਣੀ ਕੁਆਲੀਫਿਕੇਸ਼ਨ ਮਹਿੰਮ ਨੂੰ ਮੁੜ ਲੀਹ ਉੱਤੇ ਲੈ ਆਇਆ ਸੀ ਅਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਅਰਜਨਟੀਨਾ ਆਪਣੇ ਬਾਕੀ ਦੇ ਮੈਚਾਂ ਵਿੱਚ ਲੋੜੀਂਦੇ ਅੰਕ ਹਾਸਲ ਕਰਕੇ ਫ਼ੀਫ਼ਾ ਵਿਸ਼ਵ ਕੱਪ ਤੱਕ ਪਹੁੰਚ ਜਾਵੇਗਾ। ਉੱਧਰ, ਯੂਰਪੀ ਦੇਸ਼ਾਂ ਦੀ ਦੌੜ ਵੇਖੀਏ ਤਾਂ ਸਟਾਰ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਦੇ ਦੋ ਸ਼ਾਨਦਾਰ ਗੋਲਾਂ ਦੀ ਬਦੌਲਤ ਪੁਰਤਗਾਲ ਨੇ ਹੰਗਰੀ ਨੂੰ ਵਿਸ਼ਵ ਕੱਪ ਫੁਟਬਾਲ ਕੁਆਲੀਫਾਇਰ ਵਿੱਚ 3-0 ਨਾਲ ਹਰਾਇਆ ਸੀ ਅਤੇ ਇਸ ਜਿੱਤ ਨਾਲ ਯੂਰਪੀਅਨ ਚੈਂਪੀਅਨ ਪੁਰਤਗਾਲ ਗਰੁੱਪ ‘ਬੀ’ ਵਿੱਚ ਸਿਖ਼ਰ ਉੱਤੇ ਚੱਲ ਰਹੇ ਸਵਿਟਜ਼ਰਲੈਂਡ ਤੋਂ ਸਿਰਫ ਤਿੰਨ ਅੰਕ ਪਿੱਛੇ ਹੈ। ਸਵਿਟਜ਼ਰਲੈਂਡ ਨੇ ਲਾਤੀਵੀਆ ਨੂੰ ਹਰਾ ਕੇ ਪੰਜ ਮੈਚਾਂ ਵਿੱਚ ਪੰਜਵੀਂ ਜਿੱਤ ਅਤੇ 15 ਅੰਕਾਂ ਨਾਲ ਆਪਣਾ ਸੌ ਫੀਸਦੀ ਰਿਕਾਰਡ ਬਰਕਰਾਰ ਰੱਖਿਆ ਹੈ। ਰੋਨਾਲਡੋ ਵੱਲੋਂ ਕੀਤੇ ਗਏ ਦੋ ਗੋਲਾਂ ਨਾਲ ਉਸ ਦੇ ਕੌਮਾਂਤਰੀ ਗੋਲਾਂ ਦੀ ਗਿਣਤੀ 138 ਮੈਚਾਂ ਵਿੱਚ 70 ਨੂੰ ਪਹੁੰਚ ਗਈ ਸੀ। ਯਾਦ ਰਹੇ ਕਿ ਪੁਰਤਗਾਲ ਦੀ ਟੀਮ ਯੂਰੋ 2016 ਵਿੱਚ ਹੰਗਰੀ ਤੋਂ ਹਾਰ ਕੇ ਬਾਹਰ ਹੁੰਦੇ-ਹੁੰਦੇ ਬੱਚ ਗਈ ਸੀ ਤੇ ਉਸ ਨੇ ਤਿੰਨ ਵਾਰ ਪੱਛੜਣ ਤੋਂ ਬਾਅਦ 3-3 ਨਾਲ ਬਰਾਬਰੀ ਕੀਤੀ ਅਤੇ ਫੇਰ ਅੱਗੇ ਜਾ ਕੇ ਖਿਤਾਬ ’ਤੇ ਕਬਜ਼ਾ ਕੀਤਾ। ਯੂਰਪ ਵਿੱਚ ਨੌਂ ਗਰੁੱਪਾਂ ਵਿਚੋਂ ਹਰ ਗਰੁੱਪ ਦਾ ਜੇਤੂ ਵਿਸ਼ਵ ਕੱਪ ਵਿੱਚ ਸਿੱਧਾ ਦਾਖ਼ਲਾ ਹਾਸਲ ਕਰੇਗਾ। ਅੱਠ ਵਧੀਆ ਅੰਕਾਂ ਵਾਲੇ ਰਨਰਅੱਪ ਮੁਲਕ ਚਾਰ ਹੋਰਨਾਂ ਸਥਾਨਾਂ ਲਈ ਪਲੇਆਫ ਰਾਊਂਡ ਖੇਡਣਗੇ। ਉੱਧਰ ਬੁਲਗਾਰੀਆ ਨੇ ਹਾਲੈਂਡ ਨੂੰ ਗਰੁੱਪ ‘ਏ’ ਵਿੱਚ 2-0 ਨਾਲ ਹਰਾ ਕੇ 1998 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਖੇਡਣ ਦੀਆਂ ਆਪਣੀਆਂ ਆਸਾਂ ਨੂੰ ਜਿਊਂਦਾ ਰੱਖਿਆ ਹੈ। ਬੈਲਜੀਅਮ ਅਤੇ ਯੂਨਾਨ ਨੇ ਗਰੁੱਪ ‘ਐੱਚ’ ਵਿੱਚ 1-1 ਨਾਲ ਡਰਾਅ ਖੇਡਿਆ ਅਤੇ ਦੋਵਾਂ ਦੀਆਂ ਆਸਾਂ ਬਰਕਰਾਰ ਹਨ। ਹਾਲੈਂਡ ਦੇ ਯੂਰੋ ਕੱਪ ਨਾ ਖੇਡ ਸਕਣ ਮਗਰੋਂ ਹੁਣ ਇਸ ਦੇ ਵਿਸ਼ਵ ਕੱਪ ਖੇਡਣ ਉੱਤੇ ਵੀ ਸ਼ੰਕਾ ਖੜ੍ਹਾ ਹੋ ਗਿਆ ਹੈ। ਤਿੰਨ ਵਾਰ ਦੇ ਉਪ ਜੇਤੂ ਹਾਲੈਂਡ ਦੀਆਂ ਵਿਸ਼ਵ ਕੱਪ ਖੇਡਣ ਦੀਆਂ ਆਸਾਂ ਨੂੰ ਬੁਲਗਾਰੀਆ ਤੋਂ ਮਿਲੀ 2-0 ਦੀ ਹਾਰ ਨਾਲ ਵੱਡਾ ਝਟਕਾ ਲੱਗਾ ਸੀ। ਹਾਲੈਂਡ ਦੀ ਟੀਮ ਗਰੁੱਪ ‘ਏ’ ਵਿੱਚ ਸਿਖਰ ’ਤੇ ਚੱਲ ਰਹੇ ਫਰਾਂਸ ਅਤੇ ਸਵੀਡਨ ਤੋਂ ਤਿੰਨ ਅੰਕ ਪਿੱਛੇ ਹੈ। ਸਪੇਨ ਨੇ ਇਜ਼ਰਾਈਲ ਨੂੰ ਹਰਾ ਕੇ ਗਰੁੱਪ ‘ਜੀ’ ਵਿੱਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ। ਇਟਲੀ ਦੀ ਟੀਮ ਵੀ 16 ਅੰਕਾਂ ਨਾਲ ਸਪੇਨ ਨਾਲ ਸਾਂਝੇ ਤੌਰ ਉੱਤੇ ਆਪਣੇ ਗਰੁੱਪ ਵਿੱਚ ਚੋਟੀ ਉੱਤੇ ਕਾਇਮ ਹੈ। ਓਧਰ ਇੰਗਲੈਂਡ ਦਾ ਜੇਤੂ ਸਫ਼ਰ ਜਾਰੀ ਹੈ। ਏਸ਼ੀਆਈ ਖਿੱਤੇ ਵਿੱਚੋਂ ਇਰਾਨ ਨੇ ਸਭ ਨੂੰ ਹੈਰਾਨ ਕੀਤਾ ਹੈ ਜਦਕਿ ਦੱਖਣੀ ਕੋਰੀਆ, ਜਾਪਾਨ ਅਤੇ ਸਾਊਦੀ ਅਰਬ ਦੀ ਸਥਿਤੀ ਵਿਸ਼ਵ ਕੱਪ ਖੇਡਣ ਲਈ ਕਾਫੀ ਮਜ਼ਬੂਤ ਲੱਗ ਰਹੀ ਹੈ। ਸਾਲ ਦੇ ਅੰਤ ਤੱਕ ਵਿਸ਼ਵ ਕੱਪ 2018 ਦੀ ਤਸਵੀਰ ਸਾਫ਼ ਹੋ ਜਾਵੇਗੀ।