ਹਾਲੈਂਡ ਦੀ ਡੈਫਨੇ ਨੇ 200 ਮੀਟਰ ਦੌੜ ਵਿੱਚ ਕੀਤੀ ਖ਼ਿਤਾਬ ਦੀ ਰਾਖੀ

ਹਾਲੈਂਡ ਦੀ ਡੈਫਨੇ ਸ਼ਿਪਰਜ਼ ਨੇ ਜ਼ਬਰਦਸਤ ਪ੍ਰਦਰਸ਼ਨ ਦੇ ਨਾਲ ਆਪਣੇ ਖ਼ਿਤਾਬ ਦੀ ਰਾਖੀ ਕਰਦਿਆਂ ਇੱਥੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਆਪਣੇ 200 ਮੀਟਰ ਦੌੜ ਦੇ ਖ਼ਿਤਾਬ ਦੀ ਰੱਖਿਆ ਕਰਦਿਆਂ ਆਈਵਰੀ ਕੌਸਟ ਦੀ ਮਾਰੀ ਜੋਸੇ ਟਾ ਲੂ ਨੂੰ ਕੁੱਝ ਸੈਕਿੰਡਾਂ ਦੇ ਫਰਕ ਨਾਲ ਪਛਾੜ ਦਿੱਤਾ। ਇਸ ਤਰ੍ਹਾ ਲੂ ਨੂੰ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ ਹੈ। ਓਲੰਪਿਕ ਚੈਂਪੀਅਨ ਐਲਾਈਨ ਥਾਪਸਨ ਨੇ 200 ਮੀਟਰ ਦੌੜ ਵਿੱਚ ਹਿੱਸਾ ਨਾ ਲੈਣ ਦੇ ਫੈਸਲੇ ਅਤੇ ਟੋਰੀ ਬੋਈ ਵੱਲੋਂ 100 ਮੀਟਰ ਦੌੜ ਦਾ ਖ਼ਿਤਾਬ ਜਿੱਤ ਕੇ ਰੇਸ ਤੋਂ ਹਟਣ ਦਾ ਫੈਸਲਾ ਲੈਣ ਬਾਅਦ ਸ਼ਿਪਰਜ਼ ਲਈ ਮੁਕਾਬਲਾ ਕੁੱਝ ਆਸਾਨ ਹੋ ਗਿਆ ਸੀ ਪਰ ਉਸ ਨੇ ਆਪਣਾ ਖ਼ਿਤਾਬ ਜਿੱਤਣ ਵਿੱਚ ਕੋਈ ਕੁਤਾਹੀ ਨਹੀਂ ਵਰਤੀ। ਸ਼ਿਪਰਜ਼ ਨੇ 22.05 ਸੈਕਿੰਡ ਦਾ ਸਮਾਂ ਕੱਢ ਕੇ ਦੂਜੀ ਵਾਰ ਖ਼ਿਤਾਬ ਉੱਤੇ ਕਬਜ਼ਾ ਕਰ ਲਿਆ। ਸ਼ਿਪਰਜ਼ ਦਾ ਇਹ ਸੈਸ਼ਨ ਦਾ ਸਰਵੋਤਮ ਸਮਾਂ ਵੀ ਹੈ।
ਮਾਰੀ 03 ਸੈਕਿੰਡ ਦੇ ਸਮੇਂ ਨਾਲ ਪਛੜ ਗਈ ਅਤੇ 22.8 ਸੈਕਿੰਡ ਦਾ ਸਮਾਂ ਲੈ ਕੇ ਉਸ ਨੂੰ ਦੂਜੇ ਸਥਾਨ ੳੱਤੇ ਹੀ ਸਬਰ ਕਰਨਾ ਪਿਆ। ਇਹ ਉਸਦਾ ਕੌਮੀ ਰਿਕਾਰਡ ਵੀ ਹੈ। ਬਹਾਮਾਸ ਦੀ ਸ਼ਾਰਨੇ ਮਿਲਰ ਉਡਰਬੋ 22.15 ਸੈਕਿੰਡ ਦਾ ਸਮਾਂ ਲੈ ਕੇ ਤੀਜੇ ਸਥਾਨ ਉੱਤੇ ਰਹੀ ਅਤੇ ਉਸਨੇ ਕਾਂਸੀ ਦਾ ਤਗ਼ਮਾ ਜਿੱਤਿਆ। ਆਪਣੀ 400 ਮੀਟਰ ਦੌੜ ਵਿੱਚ ਪੰਜਵੇਂ ਸਥਾਨ ਉੱਤੇ ਖਿਸਕ ਗਈ ਉਡਰਬੋ ਨੇ ਆਖ਼ਰੀ 30 ਮੀਟਰ ਵਿੱਚ ਗਜ਼ਬ ਦੀ ਤੇਜ਼ੀ ਦਿਖਾਈ ਅਤੇ 21 ਸਾਲ ਦੀ ਘਰੇਲੂ ਖਿਡਾਰਨ ਡੀਨਾ ਐਸ਼ਰ ਸਮਿਥ (22.22) ਨੂੰ ਚੌਥੇ ਸਥਾਨ ਉੱਤੇ ਪਛਾੜ ਦਿੱਤਾ। ਡੀਨਾ ਦਾ ਇਹ ਸੈਸ਼ਨ ਦਾ ਸਰਵੋਤਮ ਸਮਾਂ ਸੀ।
ਇਸ ਦੌਰਾਨ ਹੀ ਅਮਰੀਕਾ ਦੀਆਂ ਐਮਾ ਕੋਬਰਨ ਅਤੇ ਕਰਟਨੀ ਫਰੈਂਰਿਚ ਨੇ ਦੁਨੀਆਂ ਨੂੰ ਹੈਰਾਨ ਕਰਦਿਆਂ ਵਿਸ਼ਵ ਚੈਂਪੀਅਨਸ਼ਿਪ ਵਿੱਚ ਔਰਤਾਂ ਦੀ ਤਿੰਨ ਹਜ਼ਾਰ ਮੀਟਰ ਸਟੀਪਲਚੇਜ਼ ਫਾਈਨਲ ਵਿੱਚ ਸੋਨ ਤਗ਼ਮਾ ਅਤੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ। ਕਿਸੇ ਅਮਰੀਕੀ ਅਥਲੀਟ ਵੱਲੋਂ ਇਸ ਮੁਕਾਬਲੇ ਵਿੱਚ ਜਿੱਤਿਆਂ ਇਹ ਪਹਿਲਾ ਤਗ਼ਮਾ ਹੈ। ਦੋਵਾਂ ਅਮਰੀਕੀ ਅਥਲੀਟਾਂ ਨੇ ਆਪਣੀਆਂ ਵਿਰੋਧੀ ਅਥਲੀਟਾਂ ਨੂੰ ਫਾਈਨਲ ਲੈਪ ਵਿੱਚ ਪੂਰੀ ਤਰ੍ਹਾ ਪਛਾੜ ਦਿੱਤਾ। ਕੋਰਬਨ ਨੇ ਆਖ਼ਰੀ ਦੌ ਸੌ ਮੀਟਰ ਵਿੱਚ ਲੀਡ ਲਈ ਅਤੇ ਫਿਨਿਸ਼ ਲਾਈਨ ਉੱਤੇ ਵਾਟਰ ਜੰਪ ਕਰਦਿਆਂ ਚੈਪੀਅਨਸ਼ਿਪ ਦੇ ਰਿਕਾਰਡ ਸਮੇਂ 9 ਮਿੰਟ 2.58 ਸੈਕਿੰਡ ਵਿੱਚ ਸੋਨ ਤਗ਼ਮੇ ਉੱਤੇ ਕਬਜ਼ਾ ਕਰ ਲਿਆ।
ਫਰੇਰਿਚ ਨੇ ਆਪਣਾ ਸਰਵੋਤਮ ਸਮਾਂ ਦਿੰਦਿਆਂ 9 ਮਿੰਟ 3.77 ਸੈਕਿੰਡ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਦੋਵਾਂ ਨੇ ਅਮਰੀਕੀ ਕੌਮੀ ਰਿਕਾਰਡ ਦੇ ਨਾਲ ਆਪਣੇ ਦੇਸ਼ ਲਈ ਸੋਨੇ ਅਤੇ ਚਾਂਦੀ ਦੇ ਤਗ਼ਮਿਆਂ ਉੱਤੇ ਕਬਜ਼ਾ ਕਰ ਲਿਆ। ਕੋਰਬਨ ਨੇ ਪਿਛਲੇ ਸਾਲ ਰੀਓ ਓਲੰਪਿਕ ਵਿੱਚ ਇਹ ਰਿਕਾਰਡ ਬਣਾਇਆ ਸੀ। ਸਾਲ 2015 ਦੀ ਵਿਸ਼ਵ ਚੈਂਪੀਅਨ ਕੀਨੀਆ ਦੀ ਹਾਈਵਿਨ ਜੇਪਕੇਮੋਈ ਨੇ 9 ਮਿੰਟ 4.03 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਦਾ ਤਗ਼ਮਾ ਜਿੱਤਿਆ।