ਸਰਕਾਰੀ ਯੋਜਨਾ ਚਲਾਉਣ ਲਈ ਅਫ਼ਸਰਸ਼ਾਹੀ ਦਾਨ ਮੰਗਣ ਤੁਰੀ

ਮਾਛੀਵਾੜਾ-ਕਾਂਗਰਸ ਵਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕਈ ਵਾਅਦੇ ਕੀਤੇ ਗਏ ਜਿਸ ਵਿਚ ਹਰੇਕ ਸ਼ਹਿਰ ’ਚ ਆਮ ਲੋਕਾਂ ਲਈ ਸਾਂਝੀ ਰਸੋਈ ਖੋਲ੍ਹ ਕੇ 10 ਰੁਪਏ ’ਚ ਦੁਪਹਿਰ ਦਾ ਖਾਣਾ ਦਿੱਤਾ ਜਾਣ ਦਾ ਵਾਅਦਾ ਕੀਤਾ ਗਿਆ ਪਰ ਹੁਣ ਖਾਲੀ ਖ਼ਜ਼ਾਨੇ ਕਾਰਨ ਸਰਕਾਰ ਨੇ ਇਸ ਯੋਜਨਾ ਨੂੰ ਚਲਾਉਣ ਲਈ ਅਫ਼ਸਰਸ਼ਾਹੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਲਾਕੇ ਦੇ ਪਤਵੰਤਿਆਂ ਅਤੇ ਦਾਨੀ ਸੱਜਣਾਂ ਨਾਲ ਰਾਬਤਾ ਕਾਇਮ ਕਰਕੇ ਸਾਂਝੀ ਰਸੋਈ ਚਲਾਉਣ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਹਰੇਕ ਸ਼ਹਿਰ ਵਿਚ 10 ਰੁਪਏ ਵਿਚ ਪ੍ਰਤੀ ਵਿਅਕਤੀ ਨੂੰ ਖਾਣਾ ਦੇਣਾ ਸੰਭਵ ਨਹੀਂ ਇਸ ਲਈ ਬਾਕੀ ਖਰਚੇ ਲਈ ਰੈੱਡ ਕਰਾਸ ਵਲੋਂ ਫੰਡ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ ਪਰ ਰੈੱਡ ਕਰਾਸ ਕੋਲ ਵੀ ਰੋਜ਼ਾਨਾ ਸਾਂਝੀ ਰਸੋਈ ਚਲਾਉਣ ਲਈ ਪੁਖਤਾ ਫੰਡ ਨਹੀਂ ਹਨ, ਇਸ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਆਪਣੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਆਪਣੇ-ਆਪਣੇ ਇਲਾਕੇ ਵਿਚ ਜਲਦ ਤੋਂ ਜਲਦ ਸਾਂਝੀ ਰਸੋਈ ਖੋਲ੍ਹਣ ਅਤੇ ਉਸ ਲਈ ਜੋ ਫੰਡ ਚਾਹੀਦੇ ਹਨ ਉਹ ਦਾਨੀ ਸੱਜਣਾਂ ਦੀ ਕਮੇਟੀ ਬਣਾ ਕੇ ਉਨ੍ਹਾਂ ਤੋਂ ਲਏ ਜਾਣ। ਜਦੋਂ ਮੀਟਿੰਗਾਂ ’ਚ ਇਲਾਕੇ ਦੇ ਉਚ ਪ੍ਰਸ਼ਾਸਨਿਕ ਅਧਿਕਾਰੀ ਪਤਵੰਤੇ ਸੱਜਣਾਂ ਤੋਂ ਸਾਂਝੀ ਰਸੋਈ ਚਲਾਉਣ ਲਈ ਦਾਨ ਜਾਂ ਸਹਿਯੋਗ ਮੰਗਦੇ ਹਨ ਤਾਂ ਅਧਿਕਾਰੀਆਂ ਅੱਗੇ ਤਾਂ ਕੋਈ ਜਵਾਬ ਨਹੀਂ ਦਿੰਦਾ ਪਰ ਉਨ੍ਹਾਂ ਪਿਛੋਂ ਜ਼ਰੂਰ ਕਹਿੰਦੇ ਹਨ ਕਿ ਇਸ ਵਾਸਤੇ ਪੰਜਾਬ ਸਰਕਾਰ ਨੂੰ ਹੀ ਫੰਡ ਦੇਣੇ ਚਾਹੀਦੇ ਹਨ।