ਸਕੱਤਰੀ ਬਾਗ ਵਿੱਚ ਮੁੰਡੇ ਦੇ ਹੋਏ ਕਤਲ ਦੀ ਗੁੱਥੀ ਸੁਲਝਾਈ

ਅੰਮ੍ਰਿਤਸਰ-ਪਿਛਲੇ ਦਿਨੀਂ ਸਕੱਤਰੀ ਬਾਗ ਦੇ ਪਖਾਨੇ ਵਿਚੋਂ ਇਕ ਮੁੰਡੇ ਦੀ ਮਿਲੀ ਲਾਸ਼ ਦੇ ਮਾਮਲੇ ਵਿਚ ਪੁਲੀਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਇਹ ਕਤਲ ਕੇਸ ਹੱਲ ਕਰਨ ਦਾ ਦਾਅਵਾ ਕੀਤਾ ਹੈ।
ਇਸ ਸਬੰਧ ਵਿਚ ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਸ਼ਨਾਖਤ ਮਨਦੀਪ ਸਿੰਘ ਉਰਫ ਭਾਈਆ ਵਾਸੀ ਪਿੰਡ ਦਬੁਰਜੀ ਵਜੋਂ ਹੋਈ ਹੈ। ਪੁਲੀਸ ਅਧਿਕਾਰੀਆਂ ਨੇ ਅੱਜ ਇਸ ਸਬੰਧ ਵਿਚ ਮੀਡੀਆ ਨੂੰ ਜਾਣਕਾਰੀ ਦਿੰਦਿਆ ਦਸਿਆ ਕਿ 29 ਮਈ ਨੂੰ ਸਕੱਤਰੀ ਬਾਗ ਦੇ ਪਖਾਨੇ ਵਿਚੋਂ ਇਕ 13-14 ਸਾਲ ਦੇ ਮੁੰਡੇ ਦੀ ਲਾਸ਼ ਮਿਲੀ ਸੀ, ਜਿਸ ਦੇ ਗਲੇ ਵਿਚ ਨੀਲੇ ਰੰਗ ਦਾ ਪਰਨਾ ਸੀ। ਉਸ ਦਾ ਪਰਨੇ ਨਾਲ ਗਲਾ ਘੁਟ ਕੇ ਮਾਰ ਦਿੱਤਾ ਗਿਆ ਸੀ। ਕਤਲ ਤੋਂ ਪਹਿਲਾਂ ਉਸ ਨਾਲ ਬਦਫੈਲੀ ਵੀ ਕੀਤੀ ਗਈ ਸੀ। ਆਪਣਾ ਜੁਰਮ ਛੁਪਾਉਣ ਵਾਸਤੇ ਹੀ ਮਗਰੋਂ ਮੁੰਡੇ ਦਾ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਇਸ ਸਬੰਧ ਵਿਚ ਪਹਿਲਾਂ ਆਈਪੀਸੀ ਦੀ ਧਾਰਾ 377 ਤਹਿਤ ਕੇਸ ਦਰਜ ਕੀਤਾ ਸੀ, ਜਿਸ ਨੂੰ ਮੁੜ ਆਈਪੀਸੀ ਦੀ ਧਾਰਾ 302 ਹੇਠ ਦਰਜ ਕੀਤਾ ਗਿਆ ਹੈ।
ਪੁਲੀਸ ਦੇ ਡੀਸੀਪੀ ਜਗਮੋਹਨ ਸਿੰਘ ਨੇ ਦਸਿਆ ਕਿ ਤਫਤੀਸ਼ ਦੌਰਾਨ ਪੁਲੀਸ ਨੇ ਮੁੰਡੇ ਦੇ ਕਤਲ ਦੇ ਦੋਸ਼ ਹੇਠ ਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਉਸ ਨਾਲ ਕੁਕਰਮ ਕੀਤਾ ਅਤੇ ਮਗਰੋਂ ਕਤਲ ਕਰਕੇ ਲਾਸ਼ ਨੂੰ ਪਖਾਨੇ ਵਿਚ ਸੁੱਟ ਦਿੱਤਾ। ਇਸ ਨੂੰ ਪੁਲੀਸ ਨੇ 9 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਅਤੇ ਪੁੱਛਗਿੱਛ ਦੌਰਾਨ ਇਸ ਨੇ ਆਪਣਾ ਜੁਰਮ ਕਬੂਲ ਕੀਤਾ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਦਾ ਚਾਲ ਚਲਣ ਠੀਕ ਨਾ ਹੋਣ ਕਾਰਨ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਘਰੋਂ ਕੱਢਿਆ ਸੀ । ਉਸ ਕੁਝ ਸਮਾਂ ਟਰੱਕ ਚਾਲਕ ਦੀ ਨੌਕਰੀ ਕੀਤੀ ਪਰ ਚਾਲ ਚਲਣ ਠੀਕ ਨਾ ਹੋਣ ਕਾਰਨ ਇਥੋਂ ਵੀ ਕੱਢ ਦਿੱਤਾ ਗਿਆ । ਇਸ ਦੌਰਾਨ ਉਹ ਨਿਹੰਗਾਂ ਦੇ ਸੰਪਰਕ ਵਿਚ ਆਇਆ ਪਰ ਉਥੋਂ ਵੀ ਉਸ ਨੂੰ ਭਜਾ ਦਿੱਤਾ ਗਿਆ।