ਸ਼ਰਦ ਕੋਈ ਵੀ ਫ਼ੈਸਲਾ ਲੈਣ ਲਈ ਆਜ਼ਾਦ: ਨਿਤੀਸ਼

ਨਵੀਂ ਦਿੱਲੀ-ਬਿਹਾਰ ਦੇ ਮੁੱਖ ਮੰਤਰੀ ਤੇ ਜੇਡੀਯੂ ਮੁਖੀ ਨਿਤੀਸ਼ ਕੁਮਾਰ ਨੇ ਪਾਰਟੀ ਦੇ ‘ਬਾਗ਼ੀ’ ਆਗੂ ਸ਼ਰਦ ਯਾਦਵ ਲਈ ਸੁਲਾਹ ਦੇ ਸਾਰੇ ਰਾਹ ਬੰਦ ਕਰਦਿਆਂ ਕਿਹਾ ਕਿ ਭਾਜਪਾ ਨਾਲ ਭਾਈਵਾਲੀ ਦਾ ਫ਼ੈਸਲਾ ਪੂਰੀ ਪਾਰਟੀ ਦਾ ਹੈ ਤੇ ਸ਼ਰਦ ਯਾਦਵ ਕੋਈ ਵੀ ਫ਼ੈਸਲਾ ਲੈਣ ਲਈ ਆਜ਼ਾਦ ਹਨ। ਉਧਰ ਕੱਲ੍ਹ ਸ਼ਰਦ ਯਾਦਵ ਨੇ ਆਖਿਆ ਸੀ ਕਿ ਅਸਲ ਜੇਡੀਯੂ ਉਨ੍ਹਾਂ ਨਾਲ ਹੈ ਤੇ ਜਿਹੜੀ ਜੇਡੀਯੂ ਨਿਤੀਸ਼ ਕੁਮਾਰ ਨਾਲ ਹੈ, ਉਹ ਸਰਕਾਰੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਤੋਂ ਬਾਅਦ ਨਿਤੀਸ਼ ਕੁਮਾਰ ਨੇ ਕਿਹਾ ਕਿ ਸ੍ਰੀ ਯਾਦਵ ਫ਼ੈਸਲਾ ਲੈਣ ਲਈ ਆਜ਼ਾਦ ਹਨ ਤੇ ਜਿੱਥੋਂ ਤੱਕ ਪਾਰਟੀ ਦਾ ਸਵਾਲ ਹੈ ਤਾਂ ਉਹ ਆਪਣਾ ਫ਼ੈਸਲਾ ਲੈ ਚੁੱਕੀ ਹੈ। ਭਾਜਪਾ ਨਾਲ ਭਾਈਵਾਲੀ ਦਾ ਫ਼ੈਸਲਾ ਸਿਰਫ਼ ਉਨ੍ਹਾਂ ਦਾ ਨਹੀਂ ਸਗੋਂ ਪੂਰੀ ਪਾਰਟੀ ਦਾ ਸੀ। ਜੇ ਸ੍ਰੀ ਯਾਦਵ ਦਾ ਨਜ਼ਰੀਆ ਵੱਖਰਾ ਹੈ ਤਾਂ ਉਹ ਆਪਣਾ ਫ਼ੈਸਲਾ ਲੈਣ ਲਈ ਆਜ਼ਾਦ ਹਨ।
ਆਰਜੇਡੀ ਤੇ ਕਾਂਗਰਸ ਨਾਲ ਭਾਈਵਾਲੀ ਖ਼ਤਮ ਕਰ ਕੇ ਭਾਜਪਾ ਦੀ ਹਮਾਇਤ ਨਾਲ ਸਰਕਾਰ ਬਣਾਉਣ ਤੋਂ ਬਾਅਦ ਇਹ ਕੌਮੀ ਰਾਜਧਾਨੀ ਵਿੱਚ ਨਿਤੀਸ਼ ਦੀ ਪਹਿਲੀ ਫੇਰੀ ਹੈ। ਦੂਜੇ ਬੰਨੇ ਰਾਜ ਸਭਾ ਮੈਂਬਰ ਸ਼ਰਦ ਯਾਦਵ ਬਿਹਾਰ ਦੇ ਦੌਰੇ ’ਤੇ ਹਨ।