ਵਿਸ਼ਵ ਪੁਲਿਸ ਖੇਡਾਂ: ਜੂਡੋ ਮੁਕਾਬਲੇ ‘ਚ ਭਾਰਤ ਨੇ 3 ਸੋਨ ਤਗਮਿਆਂ ਸਮੇਤ 7 ਤਗਮੇ ਜਿੱਤੇ

ਜਲੰਧਰ, 12 ਅਗਸਤ (ਜਤਿੰਦਰ ਸਾਬੀ)- ਅਮਰੀਕਾ ਵਿਖੇ ਚੱਲ ਰਹੀਆਂ ਵਿਸ਼ਵ ਪੁਲਿਸ ਖੇਡਾਂ ਜੂਡੋ ਮੁਕਾਬਲਿਆਂ ‘ਚ ਭਾਰਤੀ ਖਿਡਾਰੀਆਂ ਨੇ ਹੁਣ ਤੱਕ 3 ਸੋਨ, 2 ਚਾਂਦੀ ਤੇ 2 ਕਾਂਸੀ ਦੇ ਤਗਮੇ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ ਤੇ ਪੰਜਾਬ ਪੁਲਿਸ ਦੇ ਜੂਡੋ ਖਿਡਾਰੀ ਨਵਜੋਤ ਚਾਨਾ ਆਰਜੀ ਇੰਸਪੈਕਟਰ ਨੇ 60 ਕਿੱਲੋ ਭਾਰ ਵਰਗ ‘ਚੋਂ ਸੋਨ ਤਗਮਾ, ਅਵਤਾਰ ਸਿੰਘ ਏ.ਐਸ.ਆਈ ਨੇ 90 ਕਿੱਲੋ ਭਾਰ ਵਰਗ ‘ਚੋਂ ਸੋਨ ਤਗਮਾ, ਰਾਜਵਿੰਦਰ ਕੌਰ ਆਰਜੀ ਇੰਸਪੈਕਟਰ ਨੇ +74 ਕਿੱਲੋ ਭਾਰ ਵਰਗ ‘ਚੋਂ ਚਾਂਦੀ ਦਾ ਤਗਮਾ ਅਤੇ ਸਾਹਿਲ ਪਠਾਨੀਆ ਸਬ ਇੰਸਪੈਕਟਰ ਨੇ 100 ਕਿੱਲੋ ਭਾਰ ਵਰਗ ‘ਚੋਂ ਕਾਂਸੀ ਦਾ ਤਗਮਾ ਹਾਸਲ ਕਰਕੇ ਪੰਜਾਬ ਪੁਲਿਸ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਤੋਂ ਇਲਾਵਾ ਆਈ.ਟੀ.ਬੀ.ਪੀ ਦੀ ਜੂਡੋ ਖਿਡਾਰਨ ਕਲਪਨਾ ਦੇਵੀ ਨੇ 52 ਕਿੱਲੋਂ ‘ਚੋਂ ਸੋਨ ਤਗਮਾ, ਸੀ.ਆਰ.ਪੀ.ਐਫ ਦੀ ਨਿਰੂਪਮਾ ਦੇਵੀ ਨੇ 63 ਕਿੱਲੋਂ ‘ਚੋਂ ਚਾਂਦੀ ਦਾ ਤਗਮਾ ਅਤੇ ਸੀ.ਆਰ.ਪੀ.ਐਫ ਦੀ ਅੰਕਿਤਾ ਨੇ 78 ਕਿੱਲੋ ਭਾਰ ਵਰਗ ‘ਚੋਂ ਕਾਂਸੀ ਦਾ ਤਗਮਾ ਜਿੱਤ ਕੇ ਭਾਰਤੀ ਟੀਮ ਦਾ ਮਾਣ ਵਧਾਇਆ | ਇਸ ਮਾਣਮੱਤੀ ਪ੍ਰਾਪਤੀ ‘ਤੇ ਭਾਰਤੀ ਜੂਡੋ ਫੈਡਰੇਸ਼ਨ ਦੇ ਪ੍ਰਧਾਨ ਮੁਕੇਸ਼ ਕੁਮਾਰ, ਖਜ਼ਾਨਚੀ ਯਸ਼ਵੀਰ ਸਿੰੰਘ, ਪੰਜਾਬ ਜੂਡੋ ਫੈਡਰੇਸ਼ਨ ਦੇ ਪ੍ਰਧਾਨ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਜਨਰਲ ਸਕੱਤਰ ਦੇਵ ਸਿੰਘ ਧਾਲੀਵਾਲ, ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ, ਤਕਨੀਕੀ ਸਕੱਤਰ ਸੁਰਿੰਦਰ ਕੁਮਾਰ, ਪੰਜਾਬ ਪੁਲਿਸ ਦੇ ਜੂਡੋ ਕੋਚ ਕੁਲਜਿੰਦਰ ਸਿੰਘ ਤੇ ਕੋਚ ਦਵਿੰਦਰ ਯਾਦਵ ਨੇ ਵਿਸ਼ਵ ਪੁਲਿਸ ਖੇਡਾਂ ‘ਚੋਂ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਖਿਡਾਰੀਆਂ ਨੂੰ ਬਣਦੀ ਤਰੱਕੀ ਤੇ ਨਕਦ ਇਨਾਮ ਦਿੱਤੇ ਜਾਣ ਤਾਂ ਜੋ ਖਿਡਾਰੀਆਂ ਦਾ ਮਨੋਬਲ ਵਧ ਸਕੇ |