ਵਿਸ਼ਵ ਪੁਲੀਸ ਖੇਡਾਂ ’ਚ ਗੁਰਦਾਸਪੁਰ ਦੇ ਜੂਡੋਕਾ ਸਾਹਿਲ ਨੇ ਤਗ਼ਮਾ ਜਿੱਤਿਆ

ਭਾਰਤ ਨੇ ਪੰਜਵੇਂ ਦਿਨ ਸੋਨੇ, ਚਾਂਦੀ ਅਤੇ ਕਾਂਸੀ ਦੇ ਦੋ-ਦੋ ਤਗ਼ਮੇ ਜਿੱਤੇ
ਅਮਰੀਕਾ ਦੇ ਸ਼ਹਿਰਕ ਲਾਸ ਏਂਜਲਸ ਵਿਖੇ ਸੱਤ ਅਗਸਤ ਤੋਂ ਚੱਲ ਰਹੀਆਂ ਵਿਸ਼ਵ ਪੁਲੀਸ ਖੇਡਾਂ 2017 ਜੂਡੋ ਮੁਕਾਬਲਿਆਂ ਵਿੱਚ ਗੁਰਦਾਸਪੁਰ ਦੇ ਸ਼ਹੀਦ ਭਗਤ ਸਿੰਘ ਜੇ.ਐੱਫ.ਆਈ ਜੂਡੋ ਟਰੇਨਿੰਗ ਸੈਂਟਰ ਦੇ ਸਾਹਿਲ ਪਠਾਨੀਆ (29) ਨੇ ਕਾਂਸੇ ਦਾ ਤਗਮਾ ਜਿੱਤ ਕੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ।
ਸ਼ਹੀਦ ਭਗਤ ਸਿੰਘ ਜੇ.ਐੱਫ.ਆਈ ਜੂਡੋ ਟਰੇਨਿੰਗ ਸੈਂਟਰ (ਗੁਰਦਾਸਪੁਰ) ਦੇ ਇੰਚਾਰਜ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਹਿਲ ਪਠਾਨੀਆ ਗੁਰਦਾਸਪੁਰ ਦੇ ਮੁਹੱਲਾ ਨੰਗਲ ਕੋਟਲੀ ਦਾ ਰਹਿਣ ਵਾਲਾ ਹੈ ਅਤੇ ਪੁਲੀਸ ਜ਼ਿਲ੍ਹਾ ਬਟਾਲਾ ਵਿਖੇ ਸਬ-ਇੰਸਪੈਕਟਰ ਹੈ। ਸਾਹਿਲ ਪਠਾਨੀਆ ਦਾ ਅਗਲਾ ਨਿਸ਼ਾਨਾ ਹੁਣ ਏਸ਼ੀਅਨ ਗੇਮਜ਼ 2018, ਕਾਮਨਵੈਲਥ ਗੇਮਜ਼ 2018 ਅਤੇ ਕੌਮੀ ਖੇਡਾਂ 2018 ਹਨ।
ਉਨ੍ਹਾਂ ਅੱਗੇ ਦੱਸਿਆ ਕਿ ਭਾਰਤੀ ਟੀਮ ਵਿੱਚ ਪੰਜਾਬ ਦੇ 16 ਖਿਡਾਰੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲੀਸ ਦੇ ਜੂਡੋ ਖਿਡਾਰੀ ਨਵਜੋਤ ਚਾਨਾ ਨੇ 60 ਕਿਲੋ ਭਾਰ ਵਰਗ ਤੇ ਅਵਤਾਰ ਸਿੰਘ ਨੇ 90 ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਇਸੇ ਤਰ੍ਹਾਂ ਆਈਟੀਬੀਪੀ ਪੁਲੀਸ ਦੀ ਕਲਪਨਾ ਦੇਵੀ 53 ਕਿਲੋ ਭਾਰ ਵਰਗ ਵਿੱਚ ਸੋਨ, ਸੀਆਰਪੀਐੱਫ ਦੀ ਨਿਰੂਪਮਾ ਦੇਵੀ 63 ਕਿਲੋ ਭਾਰ ਵਰਗ ਵਿੱਚ ਸਿਲਵਰ ਅਤੇ ਅੰਕਿਤਾ 78 ਕਿਲੋ ਭਾਰ ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਭਾਰਤ ਦੋ ਸੋਨੇ ਦੇ, ਦੋ ਚਾਂਦੀ ਦੇ ਅਤੇ ਦੋ ਕਾਂਸੀ ਦੇ ਤਗ਼ਮੇ ਜਿੱਤ ਚੁੱਕਾ ਹੈ ਅਤੇ ਖੇਡਾਂ ਅਜੇ 20 ਅਗਸਤ ਤੱਕ ਜਾਰੀ ਰਹਿਣਗੀਆਂ। ਗੁਰਦਾਸਪੁਰ ਜੂਡੋਕਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਐੱਸਪੀ ਵਰਿੰਦਰ ਸਿੰਘ ਕੋਟ ਯੋਗਰਾਜ , ਜੂਡੋ ਕੋਚ ਸਤੀਸ਼ ਕੁਮਾਰ, ਇੰਸਪੈਕਟਰ ਕਪਿਲ ਕੌਸ਼ਲ, ਰਾਜ ਕੁਮਾਰ, ਨਵੀਨ ਸਲਗੋਤਰਾ, ਰਵੀ ਕੁਮਾਰ, ਦਿਨੇਸ਼ ਕੁਮਾਰ, ਜ਼ਿਲ੍ਹਾ ਖੇਡ ਅਫ਼ਸਰ ਸ੍ਰੀਮਤੀ ਜਸਮੀਤ ਕੌਰ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪਰਿਵਾਰ ਨੂੰ ਵਧਾਈ ਦਿੱਤੀ ਹੈ।