ਵਿਸ਼ਵ ਅਥਲੈਟਿਕਸ: ਨੇਜ਼ਾ ਸੁੱਟਣ ਵਿੱਚ ਭਾਰਤ ਦੀ ਪਰਖ ਅੱਜ

ਲੰਡਨ-ਨੇਜ਼ਾ ਸੁੱਟਣ ਦਾ ਭਾਰਤੀ ਅਥਲੀਟ ਨੀਰਜ ਚੋਪੜਾ ਜਦੋਂ ਭਲਕੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਪਿ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ ਤਾਂ ਹੁਣ ਤੱਕ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਨਿਰਾਸ਼ ਦੇਸ਼ ਵਾਸੀਆਂ ਨੂੰ ਉਸ ਤੋਂ ਖਾਸੀ ਆਸ ਹੋਵੇਗੀ। ਨੇਜ਼ਾ ਸੁੱਟਣ ਦੇ ਈਵੈਂਟ ਲਈ ਦਵਿੰਦਰ ਸਿੰਘ ਕੰਗ ਦੂਜਾ ਭਾਰਤੀ ਅਥਲੀਟ ਹੈ। ਉਧਰ ਦੱਖਣੀ ਅਫਰੀਕਾ ਦੇ ਵੇਡ ਵਾਨ ਨੀਕਰਕ ਨੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ 400 ਮੀਟਰ ਦੌੜ ਅਤੇ ਫਰਾਂਸ ਦੇ ਪੀਅਰੀ ਅੰਬਰੋਸ ਬੌਸੇ ਨੇ 800 ਮੀਟਰ ਦੌੜ ਜਿੱਤੀ। ਨੀਕਾਰਕ ਦਾ 200 ਮੀਟਰ ਵਿੱਚ ਵੀ ਖ਼ਿਤਾਬ ਜਿੱਤਣਾ ਤੈਅ ਮੰਨਿਆ ਜਾ ਰਿਹਾ ਹੈ ਕਿਉਂਕਿ ਉਸ ਦੇ ਮੁੱਖ ਵਿਰੋਧੀ ਬੋਤਸਵਾਨਾ ਦੇ ਇਸਾਕ ਮਕਵਾਲਾ ਨੂੰ ਨੋਰੋਵਾਇਰਸ ਦੀ ਲਪੇਟ ਵਿੱਚ ਆਉਣ ਕਾਰਨ ਦੌੜ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ। ਮਕਵਾਲਾ ਕੱਲ੍ਹ ਅਭਿਆਸ ਕਰਨ ਆਇਆ ਸੀ ਪਰ ਆਈਏਏਐਫ ਨੇ ਉਸ ਨੂੰ ਟਰੈਕ ਤੋਂ ਦੂਰ ਰਹਿਣ ਲਈ ਕਿਹਾ। 2012 ਲੰਡਨ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਫਰਾਂਸ ਦੇ ਰੇਨੋ ਲਾਵਿਲੇਨੀ ਨੂੰ 800 ਮੀਟਰ ਵਿੱਚ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।
ਉਧਰ 19 ਸਾਲਾ ਵਿਸ਼ਵ ਜੂਨੀਅਰ ਰਿਕਾਰਡ ਹੋਲਡਰ ਅਥਲੀਟ ਚੋਪੜਾ ਭਲਕੇ ਕੁਆਲੀਫਿਕੇਸ਼ ਗੇੜ ਵਿੱਚ ਹਿੱਸਾ ਲਵੇਗਾ ਹਾਲਾਂਕਿ ਉਸ ਦੇ ਤਗ਼ਮਾ ਜਿੱਤਣ ਦੀ ਬਹੁਤੀ ਆਸ ਵੀ ਨਹੀਂ ਹੈ। ਦੂਜੇ ਭਾਰਤੀ ਅਥਲੀਟ ਕੰਗ ਦਾ ਜੂਨ ਮਹੀਨੇ ਗਾਂਜਾ ਵਰਤਣ ਸਬੰਧੀ ਟੈੱਸਟ ਪੌਜ਼ੇਟਿਵ ਆਇਆ ਸੀ ਪਰ ਉਸ ਨੂੰ 25 ਮੈਂਬਰੀ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਕਿਉਂਕਿ ਇਹ ਪਦਾਰਥ ਵਿਸ਼ਵ ਡੋਪਿੰਗ ਵਿਰੋਧੀ ਸੰਸਥਾ (ਵਾਡਾ) ਦੀ ਵਿਸ਼ੇਸ਼ ਸੂਚੀ ਵਿੱਚ ਸ਼ਾਮਲ ਸੀ, ਜਿਸ ਨਾਲ ਅਥਲੀਟ ਸਿੱਧਾ ਮੁਅੱਤਲ ਨਹੀਂ ਕੀਤਾ ਜਾਂਦਾ।
ਭਾਰਤ ਵੱਲੋਂ ਤਗ਼ਮੇ ਲਈ ਸਰਬੋਤਮ ਦਾਅਵੇਦਾਰ ਚੋਪੜਾ ਹੀ ਹੈ, ਜਿਸ ਦਾ ਸੀਜ਼ਨ ਦਾ ਸਰਬੋਤਮ ਪ੍ਰਦਰਸ਼ਨ 85.63 ਮੀਟਰ ਦਾ ਹੈ। ਇਸ ਨਾਲ ਉਹ ਆਈਏਏਐਫ ਦੀ ਰੈਂਕਿੰਗ ਵਿੱਚ 14ਵੇਂ ਸਥਾਨ ’ਤੇ ਹੈ। ਉਸ ਦਾ ਵਿਅਕਤੀਗਤ ਸਰਬੋਤਮ ਪ੍ਰਦਰਸ਼ਨ 86.48 ਮੀਟਰ ਹੈ, ਜਿਹੜਾ ਉਸ ਨੇ ਪਿਛਲੇ ਸਾਲ ਜੂਨੀਅਰ ਵਿਸ਼ਵ ਰਿਕਾਰਡ ਬਣਾਉਣ ਵੇਲੇ ਕੀਤਾ ਸੀ। ਉਸ ਨੂੰ ਤਗ਼ਮੇ ਦਾ ਦਾਅਵੇਦਾਰ ਬਣਨ ਲਈ ਘੱਟੋ ਘੱਟ ਇਕ ਮੀਟਰ ਜਾਂ ਉਸ ਤੋਂ ਵੱਧ ਦਾ ਸੁਧਾਰ ਕਰਨਾ ਪਵੇਗਾ।
ਨੇਜ਼ਾ ਸੁੱਟਣ ਦੇ ਦੋ ਅਥਲੀਟਾਂ ਜੋਹਾਨੇਸ ਵੇਟਰ ਅਤੇ ਮੌਜੂਦਾ ਓਲੰਪਿਕ ਤੇ ਵਿਸ਼ਵ ਚੈਂਪੀਅਨ ਥਾਮਸ ਰੋਹਲਰ ਨੇ ਇਸ ਸਾਲ 90 ਮੀਟਰ ਤੱਕ ਨੇਜ਼ਾ ਸੁੱਟਿਆ ਹੈ ਜਦਕਿ ਅੱਠ ਅਥਲੀਟ 87.64 ਮੀਟਰ ਤੱਕ ਨੇਜ਼ਾ ਸੁੱਟਣ ਵਿੱਚ ਕਾਮਯਾਬ ਹੋਏ ਹਨ।
ਚੋਪੜਾ ਨੇ ਇਸ ਸੀਜ਼ਨ ਵਿੱਚ ਤਿੰਨ ਵਾਰ 85 ਮੀਟਰ ਤੱਕ ਨੇਜ਼ਾ ਸੁੱਟਿਆ ਹੈ। ਚੋਪੜਾ ਨੇ ਕਿਹਾ, ‘ ਮੈਂ ਇੱਥੇ ਪਿਛਲੇ ਦਸ ਦਿਨਾਂ ਤੋਂ ਟਰੇਨਿੰਗ ਕਰ ਰਿਹਾ ਹਾਂ, ਇਸ ਲਈ ਚੈਂਪੀਅਨਸ਼ਿਪ ਲਈ ਚੰਗੀ ਤਰ੍ਹਾਂ ਤਿਆਰ ਹਾਂ।’