ਯੂਪੀ ’ਚ ਰੇਲਵੇ ਲਾਈਨ ਤੋਂ ਬਿਹਾਰ ਦੇ ਆਈਏਐਸ ਅਫ਼ਸਰ ਦੀ ਲਾਸ਼ ਮਿਲੀ

ਗ਼ਾਜ਼ੀਆਬਾਦ-ਬਿਹਾਰ ਨਾਲ ਸਬੰਧਤ ਇਕ ਸੀਨੀਅਰ ਆਈਏਐਸ ਅਫ਼ਸਰ ਮੁਕੇਸ਼ ਪਾਂਡੇ ਨੂੰ ਯੂਪੀ ਦੇ ਜ਼ਿਲ੍ਹਾ ਗਾਜ਼ੀਆਬਾਦ ਵਿੱਚ ਇਕ ਰੇਲ ਲਾਈਨ ’ਤੇ ਮ੍ਰਿਤਕ ਪਾਇਆ ਗਿਆ। ਪੁਲੀਸ ਨੇ ਘਟਨਾ ਸਥਾਨ ਤੋਂ ਉਨ੍ਹਾਂ ਦਾ ਦੱਸਿਆ ਜਾਂਦਾ ਖ਼ੁਦਕੁਸ਼ੀ ਨੋਟ ਵੀ ਬਰਾਮਦ ਕੀਤਾ ਹੈ।
ਸ੍ਰੀ ਪਾਂਡੇ ਬਿਹਾਰ ਦੇ ਜ਼ਿਲ੍ਹਾ ਬਕਸਰ ਦੇ ਜ਼ਿਲ੍ਹਾ ਮੈਜਿਸਟਰੇਟ (ਡੀਐਮ) ਸਨ, ਜਿਨ੍ਹਾਂ ਦੀ ਲਾਸ਼ ਬੀਤੀ ਰਾਤ ਗ਼ਾਜ਼ੀਆਬਾਦ ਰੇਲਵੇ ਸਟੇਸ਼ਨ ਤੋਂ ਕਰੀਬ ਇਕ ਕਿਲੋਮੀਟਰ ਦੂਰ ਰੇਲ ਲਾਈਨ ਤੋਂ ਮਿਲੀ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਉਨ੍ਹਾਂ ਦੀ ਮੌਤ ’ਤੇ ਦੁਖ ਜ਼ਾਹਰ ਕੀਤਾ ਹੈ। ਉਨ੍ਹਾਂ ਆਪਣੀ ਟਵੀਟ ਵਿੱਚ ਕਿਹਾ, ‘‘ਉਹ ਇਕ ਸਮਰੱਥ ਤੇ ਸੰਵੇਦਨਸ਼ੀਲ ਅਫ਼ਸਰ ਸਨ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ।’’ ਉਨ੍ਹਾਂ ਦੇ ਦੱਸੇ ਜਾਂਦੇ ਖ਼ੁਦਕੁਸ਼ੀ ਨੋਟ ਵਿੱਚ ਉਨ੍ਹਾਂ ਕਿਹਾ ਹੈ ਕਿ ਉਹ ਜ਼ਿੰਦਗੀ ਤੋਂ ਤੰਗ ਆ ਗਏ ਹਨ। ਐਸਐਸਪੀ ਐਚ.ਐਨ. ਸਿੰਘ ਮੁਤਾਬਕ ਉਨ੍ਹਾਂ ਲਿਖਿਆ ਹੈ: ‘‘ਮੈਂ ਪੱਛਮੀ ਦਿੱਲੀ ਦੇ ਜਨਕਪੁਰੀ ਇਲਾਕੇ ਦੇ ਜ਼ਿਲ੍ਹਾ ਸੈਂਟਰ ਏਰੀਆ ਵਿੱਚ ਦਸਵੀਂ ਮੰਜ਼ਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਰਿਹਾ ਹਾਂ।’’ ਪੁਲੀਸ ਨੂੰ ਸ੍ਰੀ ਪਾਂਡੇ ਦੇ ਇਕ ਦੋਸਤ ਤੋਂ ਇਤਲਾਹ ਮਿਲੀ ਸੀ ਕਿ ਉਹ ਖ਼ੁਦਕੁਸ਼ੀ ਕਰਨ ਪੱਛਮੀ ਦਿੱਲੀ ਦੇ ਇਕ ਮਾਲ ਵਿੱਚ ਗਏ ਹਨ, ਪਰ ਪੁਲੀਸ ਉਨ੍ਹਾਂ ਨੂੰ ਲੱਭ ਨਹੀਂ ਸਕੀ। ਸੀਸੀਟੀਵੀ ਫੁਟੇਜ ਤੋਂ ਉਹ ਨੇੜਲੇ ਮੈਟਰੋ ਸਟੇਸ਼ਨ ਵੱਲ ਜਾਂਦੇ ਦਿਖਾਈ ਦਿੱਤੇ। ਬਾਅਦ ਵਿੱਚ ਪੁਲੀਸ ਨੂੰ ਪਤਾ ਲੱਗਾ ਕਿ ਉਨ੍ਹਾਂ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਹੈ।