ਮਿੰਨੀ ਪੰਜਾਬ ਸਾਊਥਾਲ ‘ਚ ਪੰਜਾਬਣਾਂ ਨੇ ਮਨਾਇਆ ਤੀਆਂ ਦਾ ਤਿਉਹਾਰ

ਲੰਡਨ (ਰਾਜਵੀਰ ਸਮਰਾ) – ਬੀਤੇ ਕੱਲ੍ਹ ਸਾਊਥਾਲ-ਹੰਸਲੋ ਬਾਰਡਰ ‘ਤੇ ਸਥਿਤ ‘ਅਕਾਲ ਕਮਿਉਨਿਟੀ ਸੈਂਟਰ’ ਵਿਖੇ ਪੰਜਾਬਣਾਂ ਨੇ ਤੀਆਂ ਦਾ ਤਿਉਹਾਰ ਮਨਾਇਆ। ਇਸ ਦਿਨ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਸੀ। ਪਰ ਸਾਉਣ ਦੇ ਇਨ੍ਹਾਂ ਜ਼ੋਰਦਾਰ ਛਰਾਟਿਆਂ ਦੇ ਬਾਵਜੂਦ ਹਰ ਉਮਰ ਦੀਆਂ ਬੀਬੀਆਂ ਨੇ ਵੱਡੀ ਗਿਣਤੀ ‘ਚ ਸੈਂਟਰ ਵਿੱਚ ਪਹੁੰਚ ਕੇ ਸ਼ਿਰਕਤ ਕੀਤੀ। ਇਸ ਮੌਕੇ ਗਿੱਧਾ ਸ਼ੁਰੂ ਹੋਣ ਤੋਂ ਪਹਿਲਾਂ ਸੈਂਟਰ ਦੇ ਪ੍ਰਬੰਧਕਾਂ ਵਿਚੋਂ ਜਤਿੰਦਰਪਾਲ ਸਿੰਘ ਹੋਰਾਂ ਨੇ ਬੀਬੀਆਂ ਨੂੰ ਬੜੇ ਹੀ ਸਤਿਕਾਰ ਨਾਲ ‘ਜੀ ਆਇਆਂ’ ਆਖਿਆ। ਉਨ੍ਹਾਂ ਨੇ ਪੰਜਾਬੀ ਸਮਾਜ ਵਿੱਚ ਤੀਆਂ ਦੇ ਤਿਉਹਾਰ ਸਬੰਧੀ ਚਾਨਣਾ ਪਾਉਂਦਿਆਂ ਦੱਸਿਆ ਕਿ ਤੀਆਂ ਸਾਡਾ ਵਿਰਾਸਤੀ ਤਿਉਹਾਰ ਹੈ ਅਤੇ ਸਾਡੇ ਪੰਜਾਬੀ ਸਭਿਆਚਾਰ ਦਾ ਪ੍ਰਮੁੱਖ ਹਿੱਸਾ ਹੈ। ਪ੍ਰੋਗਰਾਮ ਦੇ ਸ਼ੁਰੂ ਵਿੱਚ ਬੀਬੀਆਂ ਵਲੋਂ ਪੰਜਾਬੀ ਲੋਕਗੀਤ ਗਾ ਕੇ ਰੰਗ ਬੰਨ੍ਹਿਆ ਗਿਆ।
ਪ੍ਰਬੰਧਕ ਬੀਬੀਆਂ ਵਿੱਚੋਂ ਬੀਬੀ ਤੇਜ ਕੌਰ, ਬੀਬੀ ਮਹਿੰਦਰ ਕੌਰ ਗਰੇਵਾਲ, ਸ਼ਿਵਦੀਪ ਅਤੇ ਬਿਮਲਜੀਤ ਹੋਰਾਂ ਨੇ ਇਥੇ ਪਹੁੰਚੀਆਂ ਬੀਬੀਆਂ ਦਾ ਸਵਾਗਤ ਕਰਦਿਆਂ ਹੌਸਲਾ ਵਧਾਇਆ। ਉਨ੍ਹਾਂ ਵਲੋਂ ਆਪ ਗਿੱਧੇ ਦੇ ਪਿੜ੍ਹ ਵਿੱਚ ਪਹੁੰਚ ਕੇ ‘ਉਹ ਕਾਹਦੀ ਪੰਜਾਬਣ, ਜੋ ਗਿੱਧੇ ਵਿੱਚ ਨੱਚੇ ਨਾ’ ਬੋਲੀ ਪਾ ਕੇ ਸਭ ਨੂੰ ਨੱਚਣ ਲਈ ਸੱਦਾ ਦਿੱਤਾ। ਇਸ ਬੋਲੀ ਨੇ ਬੀਬੀਆਂ ਨੂੰ ਐਸਾ ਉਕਸਾਇਆ ਕਿ ਸਾਰੀਆਂ ਬੀਬੀਆਂ ਬੋਲੀ ਤੇ ਬੋਲੀ ਸੁੱਟਣ ਲਈ ਮਜਬੂਰ ਹੋ ਗਈਆਂ। ਲੋਕ ਬੋਲੀਆਂ ਨੇ ਸਾਰਾ ਹਾਲ ਗੂੰਜਣ ਲਾ ਦਿੱਤਾ। ਕੁਝ ਸਿਆਣੀ ਉਮਰ ਦੀਆਂ ਮਾਤਾਵਾਂ ਨੇ ਨੇੜੇ ਬੈਠ ਕੇ ਗਿੱਧਾ ਵੇਖਿਆ ਅਤੇ ਬੋਲੀਆਂ ਪਾ ਕੇ ਤੀਆਂ ਦਾ ਆਨੰਦ ਮਾਣਿਆ। ”ਧਾਈਆਂ-ਧਾਈਆਂ-ਧਾਈਆਂ, ਹੁਣ ਸਾਨੂੰ ਮਾਫ ਕਰੋ, ਬੜੀਆਂ ਬੋਲੀਆਂ ਪਾਈਆਂæææææ” ਆਖਰੀ ਬੋਲੀ ਦੇ ਨਾਲ ਤੀਆਂ ਦਾ ਇਹ ਪ੍ਰੋਗਰਾਮ ਸਮਾਪਤ ਕੀਤਾ ਗਿਆ। ਸ: ਮੁਕੰਦ ਸਿੰਘ, ਹਰਚੰਦ ਸਿੰਘ ਗਰੇਵਾਲ, ਅਮਰਜੀਤ ਸਿੰਘ ਰੰਧਾਵਾ, ਜਤਿੰਦਰਪਾਲ ਸਿੰਘ ਅਤੇ ਸਵ: ਸ਼ਿਵਚਰਨ ਸਿੰਘ ਗਿੱਲ ਹੋਰਾਂ ਦੇ ਵਧੀਆ ਪ੍ਰਬੰਧ ਸਦਕਾ ਹੀ ਇਹ ਸੰਭਵ ਹੋ ਸਕਿਆ।