ਬਰਮਿੰਘਮ ਸਹਿਰ ਚ ਪੰਜਾਬਣ ਦੀ ਮੌਤ ਦਾ ਕਾਰਨ ਬਣੇ ਡਰਾਈਵਰ ਨੂੰ 5 ਸਾਲ ਕੈਦ

ਲੰਡਨ,ਰਾਜਵੀਰ ਸਮਰਾ-ਬਰਮਿੰਘਮ ਦੇ ਗੁਰੂ ਨਾਨਕ ਨਿਸ਼ਕਾਮ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੀ 61 ਸਾਲਾ ਸੁਰਿੰਦਰ ਕੌਰ ਦੀ ਮੌਤ ਦਾ ਕਾਰਨ ਬਣੇ ਤੇਜ਼ ਰਫਤਾਰ ਕਾਰ ਚਾਲਕ 27 ਸਾਲਾ ਗੁਫਰਾਨ ਖਾਨ ਨੂੰ ਅਦਾਲਤ ਨੇ 5 ਸਾਲ ਕੈਦ ਅਤੇ 5 ਸਾਲ ਵਾਹਨ ਚਲਾਉਣ ‘ਤੇ ਪਾਬੰਦੀ ਲਗਾਉਣ ਦੀ ਸਜ਼ਾ ਸੁਣਾਈ ਹੈ | ਟਟਲੇ ਰੋਡ, ਹਾਲ ਗਰੀਨ ਦੇ ਵਸਨੀਕ ਗੁਫਰਾਨ ਖਾਨ ਨੂੰ ਖਤਰਨਾਕ ਡਰਾਈਵਿੰਗ ਕਰਨ ਦਾ ਦੋਸ਼ੀ ਮੰਨਦਿਆਂ, ਸੁਰਿੰਦਰ ਕੌਰ ਦੀ ਮੌਤ ਦਾ ਜ਼ਿੰਮੇਵਾਰ ਮੰਨਿਆ ਹੈ | ਗੁਫਰਾਨ ਨੇ ਆਪਣੇ ਗੁਨਾਹ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਵੀ ਕੀਤੀ | ਸੁਰਿੰਦਰ ਕੌਰ ਨੂੰ ਸੋਹੋ ਰੋਡ ‘ਤੇ ਉਸ ਵੇਲੇ ਟੱਕਰ ਵੱਜੀ ਜਦੋਂ ਉਹ ਮੋਬਾਈਲ ਫੋਨ ‘ਤੇ ਗੱਲਾਂ ਕਰਦੀ, ਸੜਕ ਪਾਰ ਕਰ ਰਹੀ ਸੀ | ਜਦਕਿ ਉਸੇ ਸੜਕ ‘ਤੇ ਗੁਫਰਾਨ ਤੇਜ਼ ਰਫਤਾਰ ਨਾਲ ਕਾਰ ਚਲਾ ਰਿਹਾ ਸੀ | ਘਟਨਾ ਤੋਂ 11 ਦਿਨ ਬਾਅਦ ਪੁਲਿਸ ਨੇ ਕਾਰ ਬਰਾਮਦ ਕਰ ਲਈ ਸੀ |