ਫੈਕਟਰੀ ਵਰਕਰ ’ਤੇ ਗੋਲੀ ਚਲਾ ਕੇ ਦੋ ਲੱਖ ਲੁੱਟੇ

ਪੰਚਕੂਲਾ-ਇਥੋਂ ਦੇ ਉਦਯੋਗਿਕ ਖੇਤਰ ਫੇਜ਼ 2 ਦੇ ਪਲਾਟ ਨੰਬਰ 7 ਵਿੱਚ ਦੋ ਅਣਪਛਾਤੇ ਲੁਟੇਰੇ ਜੋ ਆਲਟੋ ਕਾਰ ਵਿੱਚ ਸਵਾਰ ਸਨ, ਨੇ ਫੈਕਟਰੀ ਵਰਕਰ ਰਾਕੇਸ਼ ਕੁਮਾਰ ਨੂੰ ਗੋਲ਼ੀ ਮਾਰ ਕੇ ਉਸ ਪਾਸੋਂ ਦੋ ਲੱਖ ਰੁਪਏ ਲੁੱਟ ਲਏ। ਰਾਕੇਸ਼ ਤਿਵਾੜੀ ਸੈਕਟਰ 7 ਦੇ ਐਚਡੀਐਫਸੀ ਬੈਂਕ ਤੋਂ ਕੰਪਨੀ ਦੇ ਦੋ ਲੱਖ ਰੁਪਏ ਕਢਵਾ ਕੇ ਬੈਗ ਵਿੱਚ ਪਾ ਕੇ ਲਿਜਾ ਰਿਹਾ ਸੀ। ਰਾਕੇਸ਼ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਜਿਵੇਂ ਹੀ ਫੈਕਟਰੀ ਦੇ ਬਾਹਰ ਪਹੁੰਚਿਆ ਤਾਂ ਆਲਟੋ ਸਵਾਰ ਦੋ ਲੜਕਿਆਂ ਨੇ ਉਸ ਉੱਤੇ ਦੋ ਫਾਇਰ ਕੀਤੇ ਅਤੇ ਬੈਗ ਖੋਹ ਕੇ ਫਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਣ ਉੱਤੇ ਪੰਚਕੂਲਾ ਪੁਲੀਸ ਕਮਿਸ਼ਨਰ ਅਤੇ ਡੀਐਸਪੀ ਮੌਕੇ ਉੱਤੇ ਪਹੁੰਚ ਗਏ। ਲੁਟੇਰਿਆਂ ਦਾ ਮੁਕਾਬਲਾ ਕਰਨ ਵਾਲੇ ਵਿਅਕਤੀ ਸੋਮਵੀਰ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਕਰਮਚਾਰੀ ਬੈਂਕ ਤੋਂ ਪੈਸੇ ਲਿਆਏ ਸਨ ਅਤੇ ਪਿੱਛੋਂ ਆਲਟੋ ਕਾਰ ਵਿੱਚ ਸਵਾਰ ਦੋ ਲੋਕਾਂ ਨੇ ਕਰਮਚਾਰੀ ਨੂੰ ਗੋਲ਼ੀ ਮਾਰ ਦਿੱਤੀ ਅਤੇ ਪੈਸੇ ਲੈ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਲੁਟੇਰੇ ਭੱਜਣ ਵਿੱਚ ਕਾਮਯਾਬ ਹੋ ਗਏ। ਇਸ ਦੌਰਾਨ ਸੋਮਵੀਰ ਨੂੰ ਵੀ ਕਈ ਸੱਟਾਂ ਲੱਗੀਆਂ ਹਨ।
ਪੰਚਕੂਲਾ ਦੇ ਡੀਸੀਪੀ ਅਸ਼ੋਕ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਨੂੰ ਦੋ ਕਾਰ ਸਵਾਰ ਲੜਕਿਆਂ ਵਲੋਂ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੂੰ ਫੜਨ ਲਈ ਨਾਕਾਬੰਦੀ ਕੀਤੀ ਜਾ ਰਹੀ ਹੈ।