ਧਵਨ ਦੇ ਸੈਂਕੜੇ ਬਾਅਦ ਭਾਰਤ ਦੀ ਬੱਲੇਬਾਜ਼ੀ ਲੜਖੜਾਈ

ਤੀਜੇ ਟੈਸਟ ਮੈਚ ਦੇ ਪਹਿਲੇ ਦਿਨ ਭਾਰਤੀ ਟੀਮ ਛੇ ਵਿਕਟਾਂ ਉੱਤੇ 329 ਦੌੜਾਂ ਹੀ ਬਣਾ ਸਕੀ
ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਛੇਵੇਂ ਟੈਸਟ ਸੈਂਕੜੇ ਅਤੇ ਲੁਕੇਸ਼ ਰਾਹੁਲ ਦੇ ਨਾਲ ਉਸਦੀ ਪਹਿਲੀ ਵਿਕਟ ਦੇ ਲਈ 188 ਦੌੜਾਂ ਦੀ ਸਾਂਝੇਦਾਰੀ ਤੋਂ ਬਾਅਦ ਭਾਰਤੀ ਮੱਧਕ੍ਰਮ ਦੇ ਬੱਲੇਬਾਜ਼ਾਂ ਦੇ ਜਲਦੀ ਆਊਟ ਹੋਣ ਨਾਲ ਸ੍ਰੀਲੰਕਾ ਨੇ ਅੱਜ ਇੱਥੇ ਤੀਜੇ ਅਤੇ ਆਖ਼ਰੀ ਟੈਸਅ ਮੈਚ ਵਿੱਚ ਸ਼ੁਰੂਆਤੀ ਦਿਨ ਸਟੰਪ ਤਕ ਮਹਿਮਾਨ ਟੀਮ ਨੂੰ ਛੇ ਵਿਕਟਾਂ ਉੱਤੇ 329 ਦੌੜਾਂ ਹੀ ਬਣਾਉਣ ਦਿੱਤੀਆਂ। ਸਟੰਪ ਤਕ ਰਿਧੀਮਾਨ ਸਾਹਾ 13 ਅਤੇ ਹਾਰਦਿਕ ਪੰਡਯ ਇੱਕ ਦੌੜ ਬਣਾ ਕੇ ਖੇਡ ਰਹੇ ਸਨ। ਸ੍ਰੀਲੰਕਾ ਦੇ ਗੇਂਦਬਾਜ਼ਾਂ ਵਿੱਚ ਖੱਬੂ ਗੇਂਦਬਾਜ਼ ਸਪਿੰਨਰ ਮਲਿੰਦਾ ਪੁਸ਼ਪ ਕੁਮਾਰ ਸਭ ਤੋਂ ਸਫਲ ਰਿਹਾ। ਉਸ ਨੇ 18 ਓਵਰਾਂ ਵਿੱਚ 40 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਚਾਇਨਾਮੈਨ ਲਕਸ਼ਮਣ ਸੰਦਾਕਨ ਨੂੰ 84 ਦੌੜਾਂ ਬਦਲੇ ਦੋ ਵਿਕਟ ਮਿਲੇ। ਵਿਸ਼ਵ ਫਰਨੈਡੋ ਨੂੰ ਇੱਕ ਵਿਕਟ ਮਿਲਿਆ। ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਹਿਲੇ ਸੈਸ਼ਨ ਵਿੱਚ ਇੱਕ ਵੀ ਵਿਕਟ ਨਾ ਗਵਾਇਆ ਪਰ ਸ੍ਰੀਲੰਕਾ ਦੇ ਗੇਂਦਬਾਜ਼ਾਂ ਨੇ ਵਾਪਸੀ ਕਰਦਿਆਂ ਦਿਨ ਦੇ ਦੂਜੇ ਅਤੇ ਆਖ਼ਰੀ ਸੈਸ਼ਨ ਵਿੱਚ ਤਿੰਨ ਤਿੰਨ ਵਿਕਟਾਂ ਝਟਕ ਲਈਆਂ। ਫਰਮ ਵਿੱਚ ਚੱਲ ਰਹੇ ਚੇਤੇਸ਼ਵਰ ਪੁਜਾਰਾ (8), ਪਿਛਲੇ ਟੈਸਟ ਵਿੱਚ ਸੈਂਕੜਾ ਲਾਉਣ ਵਾਲੇ ਰਹਾਣੇ, (17) ਜਲਦੀ ਹੀ ਆਊਟ ਹੋ ਗਏ। ਵਿਰਾਟ ਕੋਹਲੀ (42) ਕਰੀਜ਼ ਉੱਤੇ ਜੰਮਣ ਤੋਂ ਬਾਅਦ ਆਊਟ ਹੋ ਗਏ। ਹੁਣ ਭਾਰਤੀ ਟੀਮ 400 ਦੌੜਾਂ ਬਣਾਉਣ ਦਾ ਯਤਨ ਕਰੇਗੀ। ਧਵਨ ਨੇ 107 ਗੇਂਦਾਂ ਵਿੱਚ ਲੜੀ ਦਾ ਦੂਜਾ ਸੈਂਕੜਾ ਲਾਇਆ।