ਦੋ ਗੁਦਾਮਾਂ ਵਿੱਚੋਂ ਸ਼ਰਾਬ ਦੀਆਂ 905 ਪੇਟੀਆਂ ਬਰਾਮਦ

ਪੰਜਾਬ ਪੁਲੀਸ ਮੰਡੀ ਗੋਬਿੰਦਗੜ੍ਹ, ਆਬਾਕਾਰੀ ਵਿਭਾਗ ਫ਼ਤਹਿਗੜ੍ਹ ਸਾਹਿਬ ਅਤੇ ਲੁਧਿਆਣਾ ਦੀਆਂ ਟੀਮਾਂ ਵੱਲੋਂ ਕੀਤੀ ਗਈ ਇਕ ਸਾਂਝੀ ਕਾਰਵਾਈ ਦੌਰਾਨ ਮੰਡੀ ਗੋਬਿੰਦਗੜ੍ਹ ਵਿਚ ਬੀਤੀ ਰਾਤ ਤੋਂ ਕੀਤੀ ਗਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਦੌਰਾਨ 905 ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਗਈਆਂ। ਪੁਲੀਸ ਵਲੋਂ ਇਸ ਸਬੰਧ ਵਿਚ ਆਬਕਾਰੀ ਐਕਟ ਅਧੀਨ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਥਾਣਾ ਮੁਖੀ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ 905 ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ ਪ੍ਰੰਤੂ ਅਜੇ ਤੱਕ ਇਸ ਗੋਦਾਮ ਦੇ ਮਾਲਕ ਦਾ ਥਹੁ ਪਤਾ ਨਹੀਂ ਲੱਗ ਸਕਿਆ ਪ੍ਰੰਤੂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਕਾਰਵਾਈ ਵਿਚ ਆਬਕਾਰੀ ਵਿਭਾਗ ਦੇ ਈ.ਟੀ.ਓ. ਪਰਮਿੰਦਰ ਸਿੰਘ ਅਤੇ ਹਰਸਿਮਰਤ ਕੌਰ ਗਰੇਵਾਲ ਆਦਿ ਵੀ ਸ਼ਾਮਲ ਸਨ। ਇਸ ਕਾਰਵਾਈ ਦੌਰਾਨ ਪਿੰਡ ਮੁਗ਼ਲ ਮਾਜਰਾ ਦੇ ਗੋਦਾਮ ਵਿਚੋਂ 485 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ, ਜਿਨ੍ਹਾਂ ਵਿਚੋਂ 385 ਦੇਸੀ ਸ਼ਰਾਬ ਅਤੇ 100 ਪੇਟੀਆਂ ਅੰਗਰੇਜ਼ੀ ਸ਼ਰਾਬ ਦੀਆਂ ਵੱਖ-ਵੱਖ ਕੰਪਨੀਆਂ ਦੀਆਂ ਸਨ। ਉਨ੍ਹਾਂ ਦੱਸਿਆ ਕਿ ਗੁਦਾਮ ਦੇ ਕਿਸੇ ਮਾਲਕ ਵਲੋਂ ਜ਼ਿੰਮੇਵਾਰੀ ਨਾ ਲਏ ਜਾਣ ਕਾਰਨ ਗੁਦਾਮ ਨੂੰ ਸੀਲ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪਿੰਡ ਅਜਨਾਲੀ ਜੀ.ਟੀ. ਰੋਡ ਵਾਲੇ ਗੋਦਾਮ ਵਿਚ ਪੁਲੀਸ ਵਲੋਂ ਕੀਤੀ ਗਈ ਜਾਂਚ ਦੌਰਾਨ 420 ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਗਈਆਂ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਸ ਦੀ ਜ਼ਿੰਮੇਵਾਰੀ ਇਕ ਸਥਾਨਕ ਠੇਕੇਦਾਰ ਵਲੋਂ ਇਹ ਕਹਿ ਕੇ ਲਈ ਗਈ ਕਿ ਠੇਕਾ ਸ਼ਿਫ਼ਟ ਹੋਣ ਕਾਰਨ ਇਹ ਸ਼ਰਾਬ ਉਥੇ ਰੱਖੀ ਗਈ ਹੈ। ਪੁਲੀਸ ਨੇ ਦੱਸਿਆ ਕਿ ਇਸ ਨੂੰ ਵੀ ਹਾਲ ਦੀ ਘੜੀ ਸੀਲ ਕਰ ਦਿੱਤਾ ਗਿਆ ਹੈ।