ਚੀਨੀ ਏਅਰਲਾਈਨ ਵੀ ਚੀਨੀ ਮਾਲ ਵਰਗਾ ਸਾਬਤ ਹੋਇਆ

ਸ਼ੰਘਈ-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (ਬੀਸੀ) ਦੇ ਹਲਕੇ ਸਰੀ ਗਰੀਨ ਟਿੰਬਰ ਦੀ ਵਿਧਾਇਕਾ ਰਚਨਾ ਸਿੰਘ ਨੇ ਚਾਈਨਾ ਈਸਟਰਨ ਏਅਰਲਾਈਨਜ਼ ਦੇ ਸਟਾਫ਼ ਵੱਲੋਂ ਮੁਸਾਫਰਾਂ ਨੂੰ ਸੱਤ ਘੰਟੇ ਸੁੱਕਣੇ ਪਾਉਣ ਦੇ ਰੋਸ ਵਜੋਂ ਡਟ ਕੇ ਆਵਾਜ਼ ਉਠਾਈ।
ਕੁਝ ਸਮਾਂ ਪਹਿਲਾਂ ਹੀ ਬੀਸੀ ਸੂਬੇ ਦੀ ਵਿਧਾਇਕ ਚੁਣੀ ਗਈ ਰਚਨਾ ਸਿੰਘ ਚੰਡੀਗੜ੍ਹ ਆਪਣੇ ਪਰਿਵਾਰ ਨੂੰ ਮਿਲਣ ਆਪਣੀ ਬੇਟੀ ਤੇ ਬੇਟੇ ਨਾਲ ਵੈਨਕੂਵਰ ਤੋਂ ਚਾਈਨਾ ਈਸਟਰਨ ਏਅਰਲਾਈਨਜ਼ ਦੀ ਉਡਾਣ ਰਾਹੀਂ ਦਿੱਲੀ ਆ ਰਹੀ ਸੀ। ਇਹ ਉਡਾਣ (564) ਵੈਨਕੂਵਰ ਤੋਂ 7 ਅਗਸਤ ਨੂੰ ਚੱਲ ਕੇ 12 ਘੰਟਿਆਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਸ਼ੰਘਾਈ ਪੁੱਜੀ। ਇੱਥੋਂ ਉਡਾਣ (ਐਮਯੂ 563) ਸਾਢੇ ਚਾਰ ਘੰਟਿਆਂ ਬਾਅਦ ਰਾਤ 9 ਵਜੇ ਦਿੱਲੀ ਲਈ ਰਵਾਨਾ ਹੋਣੀ ਸੀ। ਹਵਾਈ ਅੱਡੇ ਦੇ ਸਾਈਨ ਬੋਰਡਾਂ ਉਪਰ ਇਸ ਉਡਾਣ ਦੀ ਬੋਰਡਿੰਗ ਰਾਤ 8.15 ਵਜੇ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ ਅਤੇ ਸਵਾਰੀਆਂ ਨਿਰਧਾਰਤ ਗੇਟ ਨੰਬਰ 209 ਮੂਹਰੇ ਬੋਰਡਿੰਗ ਸ਼ੁਰੂ ਹੋਣ ਦੀ ਉਡੀਕ ਕਰ ਰਹੀਆਂ ਸਨ। ਜਦੋਂ ਰਾਤ 8.45 ਵਜੇ ਤੱਕ ਵੀ ਬੋਰਡਿੰਗ ਸ਼ੁਰੂ ਨਾ ਹੋਈ ਤਾਂ ਰਚਨਾ ਸਿੰਘ ਏਅਰਲਾਈਨ ਦੇ ਸਟਾਫ਼ ਨੂੰ ਪੁੱਛਣ ਲਈ ਅੱਗੇ ਵਧੀ ਪਰ ਸਟਾਫ਼ ਵੱਲੋਂ ਨਿਰੰਤਰ ਟਾਲਾ ਵੱਟਿਆ ਗਿਆ।
ਹੈਰਾਨੀਜਨਕ ਢੰਗ ਨਾਲ ਰਾਤ 9.39 ਵਜੇ ਤੱਕ ਸਾਈਨ ਬੋਰਡਾਂ ਉਪਰ ਦਰਸਾਇਆ ਜਾ ਰਿਹਾ ਸੀ ਕਿ ਉਡਾਣ ਠੀਕ ਸਮੇਂ 9 ਵਜੇ ਰਵਾਨਾ ਹੋਈ ਹੈ, ਜਦੋਂ ਕਿ ਸਵਾਰੀਆਂ ਹਵਾਈ ਅੱਡੇ ’ਤੇ ਭਟਕ ਰਹੀਆਂ
ਸਨ। ਫਿਰ ਰਚਨਾ ਸਿੰਘ ਉੱਚ ਅਧਿਕਾਰੀਆਂ ਨੂੰ ਮਿਲਣ ਵੀਆਈਪੀ ਲੌਂਜ ਵਿੱਚ ਗਈ ਤਾਂ ਅਧਿਕਾਰੀਆਂ ਨੇ ਉਸ ਨੂੰ ਬਾਹਰ ਨਿਕਲਣ ਲਈ ਕਹਿ ਦਿੱਤਾ। ਉਹ ਆਪਣੀ ਬੱਚੀ ਨੂੰ ਗੋਦ ਵਿੱਚ ਲੈ ਕੇ ਉਥੇ ਹੀ ਡਟੀ ਰਹੀ ਤਾਂ ਅਧਿਕਾਰੀਆਂ ਨੇ ਪੁਲੀਸ ਸੱਦ ਲਈ। ਇਸ ਦੌਰਾਨ ਜਦੋਂ ਪੁਲੀਸ ਅਧਿਕਾਰੀ ਨੇ ਵਿਧਾਇਕਾ ਨੂੰ ਲੌਂਜ ਵਿੱਚੋਂ ਬਾਹਰ ਜਾਣ ਦਾ ਫੁਰਮਾਨ ਸੁਣਾਇਆ ਤਾਂ ਉਹ ਭੜਕ ਪਈ। ਫਿਰ ਚੁਫੇਰੇ ਭਾਜੜਾਂ ਪੈ ਗਈਆਂ ਅਤੇ ਇਕ ਅਧਿਕਾਰੀ ਨੇ ਮੌਕੇ ’ਤੇ ਆ ਕੇ ਸਾਰੇ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਮੁਸਾਫਰਾਂ ਲਈ ਮਹਿਜ਼ ਪਾਣੀ ਤੇ ਬਿਸਕੁਟਾਂ ਦਾ ਪ੍ਰਬੰਧ ਕੀਤਾ ਗਿਆ। ਫਿਰ ਸਾਢੇ ਚਾਰ ਘੰਟੇ ਬਾਅਦ ਸਵਾਰੀਆਂ ਨੂੰ ਜਹਾਜ਼ ਵਿੱਚ ਚੜ੍ਹਾਇਆ ਗਿਆ ਪਰ ਜਹਾਜ਼ ਉਡਾਣ ਭਰਨ ਦੀ ਥਾਂ ਹੈਰਾਨੀਜਨਕ ਢੰਗ ਨਾਲ ਪੌਣੇ ਤਿੰਨ ਘੰਟੇ ਹਵਾਈ ਅੱਡੇ ਵਿੱਚ ਹੀ ਗੇੜੀਆਂ ਲਾਉਂਦਾ ਰਿਹਾ ਅਤੇ ਸਵਾਰੀਆਂ ਨੂੰ ਰਾਤ ਦਾ ਖਾਣਾ ਵੀ ਨਹੀਂ ਦਿੱਤਾ ਗਿਆ। ਪਹਿਲਾਂ ਤਾਂ ਰਚਨਾ ਸਿੰਘ ਜਹਾਜ਼ ਵਿੱਚ ਭੁੱਖ ਨਾਲ ਵਿਲਕ ਰਹੀਆਂ ਸਵਾਰੀਆਂ ਨੂੰ ਦੇਖ ਕੇ ਏਅਰ ਹੋਸਟੈੱਸ ਨੂੰ ਖਾਣੇ ਦਾ ਪ੍ਰਬੰਧ ਕਰਨ ਲਈ ਕਹਿੰਦੀ ਰਹੀ ਪਰ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਉਹ ਜਹਾਜ਼ ਦੇ ਸਟਾਫ਼ ਦੇ ਮੁਖੀ ਨੂੰ ਮਿਲਣ ਲਈ ਅੱਗੇ ਵਧੀ। ਇਸ ਕਾਰਨ ਜਹਾਜ਼ ਵਿੱਚ ਹੰਗਾਮਾ ਹੋਇਆ। ਅਖੀਰ ਸਟਾਫ਼ ਇੰਚਾਰਜ ਨੇ ਇਸ ਸਾਰੇ ਵਰਤਾਰੇ ਲਈ ਮੁਆਫ਼ੀ ਮੰਗੀ ਅਤੇ ਖਾਣਾ ਵੰਡਿਆ ਗਿਆ। ਜਹਾਜ਼ ਸ਼ੰਘਾਈ ਦੇ ਹਵਾਈ ਅੱਡੇ ਵਿੱਚ ਹੀ ਪੌਣੇ ਤਿੰਨ ਘੰਟੇ ਗੇੜੀਆਂ ਲਾਉਣ ਤੋਂ ਬਾਅਦ ਉਡਾਣ ਭਰ ਸਕਿਆ, ਜਿਸ ਕਾਰਨ ਦਿੱਲੀ ਵਿਖੇ 9 ਅਗਸਤ ਨੂੰ ਤੜਕੇ 1.35 ਵਜੇ ਦੇ ਤੈਅ ਸਮੇਂ ਦੀ ਥਾਂ ਇਹ ਉਡਾਣ ਸਵੇਰੇ 7.30 ਵਜੇ ਪੁੱਜ ਸਕੀ। ਏਅਰਲਾਈਨਜ਼ ਦੇ ਅਧਿਕਾਰੀਆਂ ਅਨੁਸਾਰ ਟਰੈਫਿਕ ਸਿਗਨਲ ਨਾ ਮਿਲਣ ਕਾਰਨ ਦੇਰੀ ਹੋਈ।
ਲੇਖਕ ਰਘਬੀਰ ਸਿੰਘ ਸਿਰਜਣਾ ਦੀ ਧੀ ਤੇ ਵਿਧਾਇਕਾ ਰਚਨਾ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਸ਼ਿਕਾਇਤ ਸਮਰੱਥ ਅਥਾਰਟੀ ਕੋਲ ਕਰੇਗੀ। ਰਚਨਾ ਸਿੰਘ ਆਪਣੀ ਵਿਧਾਇਕ ਦੀ ਪਛਾਣ ਦੱਸੇ ਬਿਨਾਂ ਹੀ ਲੋਕਾਂ ਲਈ ਆਵਾਜ਼ ਉਠਾਉਂਦੀ ਰਹੀ ਅਤੇ ਬਾਅਦ ਵਿੱਚ ਜਦੋਂ ਪੀੜਤ ਮੁਸਾਫਰਾਂ ਨੂੰ ਉਸ ਦੇ ਵਿਧਾਇਕ ਹੋਣ ਦਾ ਪਤਾ ਲੱਗਿਆ ਤਾਂ ਉਸ ਦੀ ਕਾਫ਼ੀ ਪ੍ਰਸੰਸਾ ਹੋਈ।