ਕੈਨੇਡਾ ਦੇ ਡੈਨਿਸ ਤੋਂ ਹਾਰਿਆ ਨਡਾਲ

ਮਾਂਟਰੀਅਲ-ਸਿਖਰਲਾ ਦਰਜਾ ਪ੍ਰਾਪਤ ਰਾਫੇਲ ਨਡਾਲ ਨੂੰ ਕੈਨੇਡਾ ਦੇ ਇਕ ਗੁਮਨਾਮ ਜਿਹੇ ਖਿਡਾਰੀ ਡੈਨਿਸ ਸ਼ਾਪੋਵਾਲੋਵ ਨੇ ਈਟੀਪੀ ਮਾਂਟਰੀਅਲ ਮਾਸਟਰਜ਼ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਹਰਾ ਕੇ ਵੱਡਾ ਉਲਟਫੇਰ ਕਰ ਦਿੱਤਾ।
ਵਾਈਲਡ ਕਾਰਡ ਰਾਹੀਂ ਖੇਡ ਰਹੇ 18 ਸਾਲਾ ਸ਼ਾਪੋਵਾਲੋਵ ਨੇ ਤਿੰਨ ਸੈੱਟਾਂ ਵਿੱਚ 3-6, 6-4, 7-6 ਨਾਲ ਜਿੱਤ ਦਰਜ ਕੀਤੀ। ਨਡਾਲ ਜੇਕਰ ਇਹ ਮੁਕਾਬਲਾ ਜਿੱਤ ਲੈਂਦਾ ਅਤੇ ਫਿਰ ਚੁੰਗ ਹਿਓਨ ਜਾਂ ਐਡਰੀਅਨ ਮਾਨਾਰਿਨੋ ਨੂੰ ਹਰਾ ਦਿੰਦਾ ਤਾਂ ਵਿਸ਼ਵ ਰੈਂਕਿੰਗਜ਼ ਵਿੱਚ ਪਹਿਲੇ ਸਥਾਨ ’ਤੇ ਕਾਬਜ਼ ਹੋ ਸਕਦਾ ਸੀ। ਸ਼ਾਪੋਵਾਲੋਵ ਨੇ ਪਹਿਲੇ ਗੇੜ ਵਿੱਚ ਬ੍ਰਾਜ਼ੀਲ ਦੇ ਰੋਜੈਰਿਓ ਡੀ ਸਿਲਵਾ ਤੇ ਦੂਜੇ ਵਿੱਚ ਸਾਬਕਾ ਅਮਰੀਕੀ ਓਪਨ ਚੈਂਪੀਅਨ ਜੁਆਨ ਮਾਰਟਿਨ ਡੈਲ ਪੋਤਰੋ ਨੂੰ ਹਰਾਇਆ ਸੀ। ਹੋਰ ਮੁਕਾਬਲਿਆਂ ਵਿੱਜ ਰੋਜਰ ਫੈਡਰਰ ਨੇ ਡੇਵਿਡ ਫੈਰਰ ਨੂੰ 4-6, 6-4, 6-2 ਤੋਂ ਹਰਾਇਆ। ਹੁਣ ਉਹ ਸਪੇਨ ਦੇ ਰਾਬਰਟੋ ਬਾਉਤਿਸਤਾ ਐਗਟ ਨਾਲ ਖੇਡੇਗਾ, ਜਿਸ ਨੇ ਫਰਾਂਸ ਦੇ ਗਾਏਲ ਮੌਂਫਿਲਜ਼ ਨੂੰ 4-6, 7-6-, 7-6 ਨਾਲ ਹਰਾਇਆ।