ਕਿਮ ਨੂੰ ਅਮਰੀਕਾ ਨੂੰ ਧਮਕਾਉਣ ’ਤੇ ਅਫ਼ਸੋਸ ਹੋਵੇਗਾ: ਟਰੰਪ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉੱਤਰੀ ਕੋਰੀਆ ਆਗੂ ਕਿਮ ਜੋਂਗ-ਉਨ ਨੂੰ ਮੁੜ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਉਸ ਨੇ ਅਮਰੀਕੀ ਇਲਾਕੇ ਜਾਂ ਉਸ ਦੇ ਸਹਿਯੋਗੀਆਂ ’ਤੇ ਕੋਈ ਹਮਲਾ ਕੀਤਾ ਤਾਂ ਉਸ ਨੂੰ ਇਸ ਦੇ ਬੁਰੇ ਅੰਜਾਮ ਭੁਗਤਣੇ ਪੈਣਗੇ। ਇਹ ਚੇਤਾਵਨੀ ਉਸ ਸਮੇਂ ਆਈ ਹੈ ਜਦੋਂ ਅਮਰੀਕਾ ਨੇ ਉੱਤਰੀ ਕੋਰੀਆ ’ਤੇ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਸਨ ਅਤੇ ਕਿਮ ਨੇ ਧਮਕੀ ਦਿੱਤੀ ਸੀ ਕਿ ਉਹ ਗੁਆਮ ’ਚ ਮਿਜ਼ਾਈਲਾਂ ਦਾਗੇਗਾ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਪਰਮਾਣੂ ਹਥਿਆਰ ਨਾਲ ਲੈਸ ਉੱਤਰੀ ਕੋਰੀਆ ਨੇ ਜੇਕਰ ਬੇਵਕੂਫੀ ਨਾਲ ਇਨ੍ਹਾਂ ਦੀ ਵਰਤੋਂ ਕੀਤੀ ਤਾਂ ਫ਼ੌਜੀ ਕਾਰਵਾਈ ਹੋਵੇਗੀ। ਉਨ੍ਹਾਂ ਟਵੀਟ ਕਰਕੇ ਆਸ ਜਤਾਈ ਕਿ ਕਿਮ ਜੋਂਗ ਉਨ ਜੰਗ ਨਾਲੋਂ ਕੋਈ ਸ਼ਾਂਤੀ ਵਾਲਾ ਰਾਹ ਚੁਣੇਗਾ।