ਕਾਰਡ ਸਵਾਈਪ ਮਾਮਲਾ: ਪੈਟਰੋਲ ਪੰਪਾਂ ਦੇ ਚਾਰ ਕਰਿੰਦੇ ਕਾਬੂ

ਲੁਧਿਆਣਾ-ਸ਼ਹਿਰ ਦੇ ਚਾਰ ਪੈਟਰੋਲ ਪੰਪਾਂ ’ਤੇ ਕੰਮ ਕਰਨ ਵਾਲੇ ਮੁਲਜ਼ਮਾਂ ਨੂੰ ਲੁਧਿਆਣਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਏਟੀਐਮ ’ਚੋਂ ਪੈਸੇ ਕਢਵਾਉਣ ਦੇ 28 ਮਾਮਲਿਆਂ ’ਚੋਂ ਪੁਲੀਸ ਨੇ 18 ਮਾਮਲੇ ਹੱਲ ਕਰ ਲਏ ਹਨ। ਪੁਲੀਸ ਨੇ ਇਸ ਮਾਮਲੇ ’’ਚ ਨਿਊ ਅਗਰ ਨਗਰ ਵਾਸੀ ਦਵਿੰਦਰ ਕੁਮਾਰ, ਦੁੱਗਰੀ ਰੋਡ ਪੈਟਰੋਲ ਪੰਪ ’ਤੇ ਕੰਮ ਕਰਨ ਵਾਲੇ ਸੁਭਾਸ਼ ਵਿਸ਼ਵਕਰਮਾ, ਕਾਂਗੜਾ ਦੇ ਰਿਸ਼ਤੀ ਪਿੰਡ ਦੇ ਵਾਸੀ ਬਿਕਰਮਜੀਤ ਸਿੰਘ ਤੇ ਰਵਿੰਦਰ ਸਿੰਘ ਨੂੰ ਕਾਬੂ ਕੀਤਾ ਹੈ।
ਪੁਲੀਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਕਾਗਜ਼ਾਤ ਵੀ ਬਰਾਮਦ ਕੀਤੇ ਹਨ ਜੋ ਵੱਖ-ਵੱਖ ਲੋਕਾਂ ਦੇ ਪਛਾਣ ਪੱਤਰ ਹਨ। ਗਰੋਹ ਦਾ ਸਰਗਨਾ ਮੁਕਲ ਗਰਗ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦੋਂ ਕਿ ਉਸ ਦੀ ਔਰਤ ਸਾਥੀ ਰਮਨਦੀਪ ਕੌਰ ਥਾਣਾ ਦੁੱਗਰੀ ’ਚ ਖੁਦਕੁਸ਼ੀ ਕਰ ਚੁੱਕੀ ਹੈ।
ਏਡੀਸੀਪੀ-2 ਸੰਦੀਪ ਗਰਗ ਨੇ ਦੱਸਿਆ ਕਿ ਮੁਕਲ ਗਰਗ ਤੇ ਰਮਨਦੀਪ ਨੇ ਵੱਖ-ਵੱਖ ਪੈਟਰੋਲ ਪੰਪਾਂ ’ਤੇ ਕੰਮ ਕਰਨ ਵਾਲੇ ਗ੍ਰਿਫ਼ਤਾਰ ਮੁਲਜ਼ਮਾਂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਮੁਲਜ਼ਮਾਂ ਨਾਲ ਗ਼ੱਲ ਕੀਤੀ ਕਿ ਉਹ ਜਿੰਨ੍ਹਾਂ ਲੋਕਾਂ ਦੇ ਏਟੀਐਮ ਤੇ ਕ੍ਰੈਡਿਟ ਕਾਰਡ ਨਾਲ ਪੈਟਰੋਲ ਪੰਪ ਦੀ ਪੇਮੈਂਟ ਲੈਂਦੇ ਹਨ, ਉਸ ਨੂੰ ਇੱਕ ਵਾਰ ਉਨ੍ਹਾਂ ਵੱਲੋਂ ਦਿੱਤੀ ਹੋਈ ਮਸ਼ੀਨ ’ਤੇ ਸਵਾਈਪ ਕਰ ਦੇਣ। ਇਸ ਨਾਲ ਲੋਕਾਂ ਦੇ ਕਾਰਡ ਦਾ ਸਾਰਾ ਡਾਟਾ ਮੁਲਜ਼ਮਾਂ ਕੋਲ ਚਲਾ ਜਾਂਦਾ ਸੀ। ਮੁਕਲ ਤੇ ਰਮਨਦੀਪ ਪੈਟਰੋਲ ਪੰਪ ਕਰਿੰਦਿਆਂ ਨੂੰ 8 ਸੌ ਰੁਪਏ ਪ੍ਰਤੀ ਕਾਰਡ ਸਵਾਈਪ ਕਰਨ ਦਾ ਦਿੰਦੇ ਸਨ। ਜਦੋਂ ਮੁਲਜ਼ਮਾਂ ਕੋਲ ਕਾਰਡ ਹੋਲਡਰ ਦਾ ਡਾਟਾ ਚਲਾ ਜਾਂਦਾ ਸੀ ਤਾਂ ਮੁਲਜ਼ਮ ਜਾਅਲੀ ਕਾਰਡ ਬਣਾ ਕੇ ਪੈਸੇ ਕਢਵਾ ਲੈਂਦੇ ਸਨ ਜਾਂ ਫਿਰ ਸ਼ਾਪਿੰਗ ਕਰ ਲੈਂਦੇ ਸਨ। ਇਸ ਕਾਰਡ ਤੋਂ ਮੁਲਜ਼ਮ ਸ਼ਾਪਿੰਗ ਜਾਂ ਫਿਰ ਪੈਸੇ ਨਹੀਂ ਕਢਵਾ ਪਾਉਂਦੇ ਸਨ ਉਸ ਖਾਤੇ ਦੇ ਬਾਰੇ ਜਾਣਕਾਰੀ ਨੂੰ ਅੱਗੇ ਹੋਰ ਗਰੋਹ ਦੇ ਮੈਂਬਰਾਂ ਨੂੰ ਦੂਸਰੇ ਸੂਬਿਆਂ ’ਚ ਵੇਚ ਦਿੰਦੇ ਸਨ ਤੇ ਕਮਿਸ਼ਨ ਲੈਂਦੇ ਸਨ। ਉਸ ਤੋਂ ਬਾਅਦ ਉਹ ਗਰੋਹ ਕਾਰਡ ਹੋਲਡਰ ਦੇ ਖਾਤੇ ’ਚੋਂ ਪੈਸੇ ਕਢਵਾ ਲੈਂਦਾ ਸੀ।
ਪੁਲੀਸ ਪੁੱਛਗਿੱਛ ’ਚ ਪਤਾ ਲੱਗਿਆ ਕਿ ਮੁਲਜ਼ਮ ਮੁਕਲ ਗਰਗ ਤੇ ਰਮਨਦੀਪ ਕੌਰ ਸਿੰਘਾਪੁਰ ਤੋਂ ਇਹ ਮਸ਼ੀਨ ਲਿਆਏ ਸਨ। ਏਡੀਸੀਪੀ ਸੰਦੀਪ ਗਰਗ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਮੁਕਲ ਤੇ ਰਮਨਦੀਪ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਰਮਨਦੀਪ ਕੌਰ ਨੇ ਥਾਣਾ ਦੁੱਗਰੀ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।