ਐਡੀਲੇਡ ਹਵਾਈ ਅੱਡੇ ਤੋਂ ਮੁਸਾਫ਼ਰ ਚੁੱਕੇ ਜਾਣ ’ਤੇ ਊਬਰ ਖ਼ਿਲਾਫ਼ ਰੋਸ

ਐਡੀਲੇਡ-ਇਥੋਂ ਦੇ ਏਅਰਪੋਰਟ ਵੱਲੋਂ ਊਬਰ ਕੰਪਨੀ ਨੂੰ ਮੁਸਾਫ਼ਰ ਚੁੱਕੇ ਜਾਣ ਦੀ ਇਜਾਜ਼ਤ ਦਿੱਤੇ ਜਾਣ ਕਾਰਨ ਟੈਕਸੀ ਮਾਲਕਾਂ ਅਤੇ ਚਾਲਕਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਖ਼ਤ ਰੋਸ ਨੂੰ ਦੇਖਦਿਆਂ ਉਬਰ ਕੰਪਨੀ ਨੇ ਸੇਵਾਵਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ। ਉਬਰ ਦੇ ਬੁਲਾਰੇ ਮਾਈਕ ਸਕਾਟ ਨੇ ਕਿਹਾ ਕਿ ਕੰਪਨੀ ਜਲਦੀ ਹੀ ਸੇਵਾਵਾਂ ਮੁੜ ਸ਼ੁਰੂ ਕਰੇਗੀ। ਜਾਣਕਾਰੀ ਅਨੁਸਾਰ ਵੀਰਵਾਰ ਨੂੰ ਜਦੋਂ ਊਬਰ ਕੰਪਨੀ ਨੇ ਮੁਸਾਫ਼ਰਾਂ ਨੂੰ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ ਤਾਂ ਟੈਕਸੀ ਚਾਲਕਾਂ ਤੇ ਮਾਲਕਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸ਼ਾਂਤਮਈ ਹੜਤਾਲ ਕੀਤੀ ਅਤੇ ਊਬਰ ਦੀਆਂ ਗੱਡੀਆਂ ਨੂੰ ਏਅਰਪੋਰਟ ਤੋਂ ਬਾਹਰ ਜਾਣ ਤੋਂ ਰੋਕ ਦਿੱਤਾ। ਉਬਰ ਦੇ ਮੁਖੀ ਟੌਮ ਵ੍ਹਾਈਟ ਨੇ ਕਿਹਾ ਕਿ ਹਵਾਈ ਅੱਡਿਆਂ ਦੇ ਅਪਰੇਟਰਾਂ ਨਾਲ ਸਮਝੌਤੇ ਤਹਿਤ ਇਹ ਸੇਵਾ ਸ਼ੁਰੂ ਕੀਤੀ ਗਈ ਸੀ। ਟੋਰਾਂਟੋ ਮੰਤਰੀ ਸਟੀਫਨ ਨੇ ਸਤੰਬਰ 2016 ਵਿੱਚ ਕਿਹਾ ਸੀ ਕਿ ਊਬਰ ਕੰਪਨੀ ਨੂੰ ਐਡੀਲੇਡ ਏਅਰਪੋਰਟ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਦਾ ਕੋਈ ਵੀ ਫ਼ੈਸਲਾ ਰਾਜ ਸਰਕਾਰ ਦਾ ਨਹੀਂ ਹੈ, ਸਗੋਂ ਹਵਾਈ ਅੱਡੇ ਦੇ ਪ੍ਰਬੰਧਕਾਂ ਦਾ ਹੋਵੇਗਾ।
ਜ਼ਿਕਰਯੋਗ ਹੈ ਕਿ ਐਡੀਲੇਡ ਵਿੱਚ ਪੰਜਾਬੀ ਵੱਡੀ ਗਿਣਤੀ ਵਿੱਚ ਟੈਕਸੀ ਚਲਾਉਣ ਦਾ ਕੰਮ ਕਰਦੇ ਹਨ ਅਤੇ ਉਬਰ ਵੱਲੋਂ ਸੇਵਾਵਾਂ ਦੇਣ ਨਾਲ ਉਨ੍ਹਾਂ ਦਾ ਕੰਮ ਪ੍ਰਭਾਵਿਤ ਹੋਵੇਗਾ। ਟੈਕਸੀ ਚਾਲਕਾਂ ਨੇ ਕਿ ਫਿਲਹਾਲ ਟੈਕਸੀ ਡਰਾਈਵਰ ਨੂੰ 10 ਡਾਲਰ ਪ੍ਰਤੀ ਘੰਟਾ ਪੈਂਦੇ ਹਨ ਜਿਸ ਵਿੱਚੋਂ ਉਨ੍ਹਾਂ ਸਰਕਾਰ ਨੂੰ ਜੀਐਸਟੀ (ਸਟੈਂਪ ਡਿਊਟੀ) ਅਤੇ ਹੋਰ ਟੈਕਸ ਵੀ ਅਦਾ ਕਰਨਾ ਹੁੰਦਾ ਹੈ ਪਰ ਊਬਰ ਕੰਪਨੀ ਦੀ ਸਰਵਿਸ ਸ਼ੁਰੂ ਹੋਣ ਨਾਲ ਉਨ੍ਹਾਂ ਦੀ ਕਮਾਈ ’ਤੇ ਮਾੜਾ ਅਸਰ ਪਵੇਗਾ।