ਉੱਤਰੀ ਕੋਰੀਆ ਨਾਲ ਤਣਾਅ ਵਧਾਉਣ ਵਾਲੇ ਬਿਆਨਾਂ ਤੋਂ ਬਚੇ ਟਰੰਪ: ਸ਼ੀ

ਕੋਰਿਆਈ ਪ੍ਰਾਇਦੀਪ ਖ਼ਿੱਤੇ ਵਿੱਚ ਤਣਾਅ ਦੇ ਮੱਦੇਨਜ਼ਰ ਦੋਵਾਂ ਆਗੂਆਂ ਵੱਲੋਂ ਫੋਨ ਵਾਰਤਾ
ਚੀਨੀ ਸਦਰ ਸ਼ੀ ਜਿਨਪਿੰਗ ਨੇ ਆਪਣੇ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਨੂੰ ਕਿਹਾ ਹੈ ਕਿ ਉਹ ਅਜਿਹੀਆਂ ਕਾਰਵਾਈਆਂ ਤੇ ਬਿਆਨਾਂ ਤੋਂ ਬਚਣ ਜਿਨ੍ਹਾਂ ਕਾਰਨ ਕੋਰੀਆਈ ਪ੍ਰਾਇਦੀਪ ਵਿੱਚ ਪਹਿਲਾਂ ਹੀ ਭਾਰੀ ਤਣਾਅ ਵਾਲਾ ਮਾਹੌਲ ਹੋਰ ਖ਼ਰਾਬ ਨਾ ਹੋਵੇ। ਇਸ ਦੇ ਨਾਲ ਹੀ ਦੋਵਾਂ ਆਗੂਆਂ ਨੇ ਖ਼ਿੱਤੇ ਨੂੰ ਪਰਮਾਣੂ ਹਥਿਆਰਾਂ ਤੋਂ ਮੁਕਤ ਕਰਨ ਦਾ ਆਪਣਾ ਅਹਿਦ ਦੁਹਰਾਇਆ।
ਦੋਵਾਂ ਆਗੂਆਂ ਨੇ ਉਤਰੀ ਕੋਰੀਆ ਦੇ ਸਦਰ ਕਿਮ ਜੋਂਗ-ਉਨ ਵੱਲੋਂ ਇਸੇ ਹਫ਼ਤੇ ਅਮਰੀਕਾ ਨੂੰ ਮਿਜ਼ਾਈਲ ਹਮਲੇ ਦੀ ਧਮਕੀ ਦਿੱਤੇ ਜਾਣ ਕਾਰਨ ਖ਼ਿੱਤੇ ਵਿੱਚ ਵਧੇ ਹੋਏ ਤਣਾਅ ਦੇ ਮੱਦੇਨਜ਼ਰ ਟੈਲੀਫੋਨ ਉਤੇ ਗੱਲਬਾਤ ਕੀਤੀ। ਗ਼ੌਰਤਲਬ ਹੈ ਕਿ ਉਤਰੀ ਕੋਰੀਆ ਦੇ ਮਿਜ਼ਾਈਲ ਤੇ ਪਰਮਾਣੂ ਪ੍ਰੋਗਰਾਮ ਕਾਰਨ ਉਸ ਉਤੇ ਅਮਰੀਕਾ ਦੀ ਹਮਾਇਤ ਪ੍ਰਾਪਤੀ ਮਾਲੀ ਬੰਦਸ਼ਾਂ ਲਾਏ ਜਾਣ ’ਤੇ ਸ੍ਰੀ ਜੋਂਗ ਨੇ ਧਮਕੀ ਦਿੱਤੀ ਸੀ ਕਿ ਉਹ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਅਮਰੀਕੀ ਟਾਪੂ ਗੁਆਮ ਉਤੇ ਮਿਜ਼ਾਈਲ ਹਮਲਾ ਕਰ ਦੇਣਗੇ। ਚੀਨ ਦੀ ਸਰਕਾਰੀ ਖ਼ਬਰ ਏਜੰਸੀ ‘ਸਿਨਹੂਆ’ ਨੇ ਕਿਹਾ ਕਿ ਸ੍ਰੀ ਸ਼ੀ ਨੇ ਸ੍ਰੀ ਟਰੰਪ ਨੂੰ ਭਰੋਸਾ ਦਿੱਤਾ ਕਿ ਉਹ ਮਾਮਲੇ ਦੇ ‘ਢੁਕਵੇਂ ਹੱਲ’ ਲਈ ਅਮਰੀਕਾ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਨ। ਏਜੰਸੀ ਨੇ ਸ੍ਰੀ ਸ਼ੀ ਦੇ ਹਵਾਲੇ ਨਾਲ ਕਿਹਾ, ‘‘ਸਬੰਧਤ ਧਿਰਾਂ ਨੂੰ ਅਜਿਹੀਆਂ ਕਾਰਵਾਈਆਂ ਤੇ ਬਿਆਨਾਂ ਤੋਂ ਬਚਣਾ ਚਾਹੀਦਾ ਹੈ, ਜਿਨ੍ਹਾਂ ਨਾਲ ਪ੍ਰਾਇਦੀਪ ਵਿੱਚ ਤਣਾਅ ਵਧੇ।’’ ਏਜੰਸੀ ਨੇ ਕਿਹਾ, ‘‘ਰਾਸ਼ਟਰਪਤੀ ਟਰੰਪ ਤੇ ਰਾਸ਼ਟਰਪਤੀ ਸ਼ੀ ਨੇ ਇਸ ਗੱਲ ’ਤੇ ਵੀ ਹਾਮੀ ਭਰੀ ਕਿ ਉਤਰੀ ਕੋਰੀਆ ਨੂੰ ਲਾਜ਼ਮੀ ਆਪਣਾ ਭੜਕਾਊ ਤੇ ਤਣਾਅ ਵਧਾਊ ਰਵੱਈਆ ਬਦਲਣਾ ਚਾਹੀਦਾ ਹੈ।’’