ਆਜ਼ਾਦੀ ਦਿਹਾੜੇ ਮੌਕੇ ਭਾਰਤ-ਪਾਕਿ ਸਰਹੱਦ ’ਤੇ ਹਾਈ ਅਲਰਟ

ਅੰਮ੍ਰਿਤਸਰ-ਆਜ਼ਾਦੀ ਦਿਹਾੜੇ ਅਤੇ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦੇ ਮੱਦੇਨਜ਼ਰ ਬੀਐਸਐਫ ਨੇ ਸਰਹੱਦ ’ਤੇ ਚੌਕਸੀ ਵਧਾ ਦਿੱਤੀ ਹੈ। ਅਟਾਰੀ-ਵਾਹਗਾ ਸਾਂਝੀ ਚੈੱਕ ਪੋਸਟ ’ਤੇ ਵੀ ਬੀਐਸਐਫ ਵੱਲੋਂ ਚੌਕਸੀ ਵਧਾਈ ਗਈ ਹੈ, ਜਿੱਥੇ ਰੋਜ਼ਾਨਾ ਹਜ਼ਾਰਾਂ ਲੋਕ ਝੰਡਾ ਉਤਾਰਨ ਦੀ ਰਸਮ ਦੇਖਣ ਪੁੱਜਦੇ ਹਨ। ਇਸ ਤੋਂ ਇਲਾਵਾ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ, ਰੇਲਵੇ ਸਟੇਸ਼ਨ, ਬੱਸ ਅੱਡੇ ਤੇ ਹੋਰ ਜਨਤਕ ਥਾਵਾਂ ’ਤੇ ਚੌਕਸੀ ਵਧਾ ਦਿੱਤੀ ਹੈ।
ਬੀਐਸਐਫ ਦੇ ਡੀਆਈਜੀ ਜੇ.ਐੱਸ. ਓਬਰਾਏ ਨੇ ਦੱਸਿਆ ਕਿ ਆਜ਼ਾਦੀ ਦਿਵਸ ਮੌਕੇ ਸਰਹੱਦ ’ਤੇ ਸੁਰੱਖਿਆ ਜਵਾਨਾਂ ਦੀ ਨਫਰੀ ਵਧਾ ਦਿੱਤੀ ਗਈ ਹੈ ਅਤੇ ਨਿਗਰਾਨੀ ਵੀ ਵਧਾਈ ਗਈ ਹੈ। ਇਸ ਤੋਂ ਇਲਾਵਾ ਪੰਜਾਬ ਪੁਲੀਸ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦਿਹਾੜੇ ਮੌਕੇ ਵੱਡੀ ਗਿਣਤੀ ਵਿੱਚ ਦਰਸ਼ਕ ਅਟਾਰੀ ਸਰਹੱਦ ’ਤੇ ਪੁੱਜਣ ਦੀ ਸੰਭਾਵਨਾ ਹੈ। ਇਸ ਲਈ ਇਲਾਕੇ ਵਿੱਚ ਚੌਕਸੀ ਵਧਾਈ ਗਈ ਹੈ। ਉਨ੍ਹਾਂ ਕਿਹਾ ਕਿ ਦਰਸ਼ਕ ਗੈਲਰੀ ਭਾਵੇਂ ਉਸਾਰੀ ਅਧੀਨ ਹੈ, ਇਸ ਦੇ ਬਾਵਜੂਦ ਬੀਐਸਐਫ ਨੂੰ ਉਮੀਦ ਹੈ ਕਿ ਆਜ਼ਾਦੀ ਦਿਵਸ ਮੌਕੇ 20 ਤੋਂ 25 ਹਜ਼ਾਰ ਦਰਸ਼ਕ ਸਰਹੱਦ ’ਤੇ ਪੁੱਜ ਸਕਦੇ ਹਨ। ਇਸ ਵੇਲੇ ਇੱਥੇ ਲਗਪਗ 15 ਤੋਂ 16 ਹਜ਼ਾਰ ਵਿਅਕਤੀਆਂ ਨੂੰ ਬਿਠਾਉਣ ਦਾ ਹੀ ਪ੍ਰਬੰਧ ਹੈ। ਇਸ ਲਈ ਬੀਐਸਐਫ ਵੱਲੋਂ ਪਹਿਲਾਂ ਪੁੱਜਣ ਵਾਲੇ ਦਰਸ਼ਕਾਂ ਨੂੰ ਹੀ ਅੰਦਰ ਆਉਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ ਅਤੇ ਦਰਸ਼ਕ ਗੈਲਰੀ ਭਰਨ ਮਗਰੋਂ ਹੋਰ ਦਰਸ਼ਕਾਂ ਨੂੰ ਬਾਹਰ ਹੀ ਉਡੀਕ ਕਰਨੀ ਪਵੇਗੀ। ਅਜਿਹੇ ਦਰਸ਼ਕ ਸਰਹੱਦ ’ਤੇ ਲੱਗੀਆਂ ਐਲਈਡੀ ਸਕਰੀਨਾਂ ਰਾਹੀਂ ਸਮਾਗਮ ਦੇਖ ਸਕਣਗੇ। ਬੀਐਸਐਫ ਵੱਲੋਂ ਸਰਹੱਦ ’ਤੇ ਆਜ਼ਾਦੀ ਦਿਵਸ ਮੌਕੇ ਵਿਸ਼ੇਸ਼ ਪ੍ਰੋਗਰਾਮ ਜਸ਼ਨ-ਏ-ਆਜ਼ਾਦੀ ਕਰਾਇਆ ਜਾ ਰਿਹਾ ਹੈ। ਸਮਾਗਮ ਵਿੱਚ ਵਿਸ਼ੇਸ਼ ਬੱਚੇ ਪੇਸ਼ਕਾਰੀ ਦੇਣਗੇ।
ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਵੇਖਣ ਵਾਸਤੇ ਵੱਡੀ ਦਰਸ਼ਕ ਗੈਲਰੀ ਬਣਾਈ ਜਾ ਰਹੀ ਹੈ, ਜਿਸ ਦਾ ਇਕ ਪੜਾਅ ਮੁਕੰਮਲ ਹੋ ਚੁੱਕਾ ਹੈ ਅਤੇ ਦੂਜੇ ਪੜਾਅ ਦਾ ਕੰਮ ਜਾਰੀ ਹੈ। ਇਸ ਦੇ ਮੁਕੰਮਲ ਹੋਣ ਮਗਰੋਂ ਯੂ ਆਕਾਰ ਦੀ ਇਸ ਦਰਸ਼ਕ ਗੈਲਰੀ ਵਿੱਚ ਲਗਪਗ 20 ਹਜ਼ਾਰ ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਹੋ ਜਾਵੇਗਾ। ਪੁਰਾਣੀ ਦਰਸ਼ਕ ਗੈਲਰੀ ਵਿੱਚ ਸਿਰਫ਼ 5 ਹਜ਼ਾਰ ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਸੀ। ਨਵੀਂ ਦਰਸ਼ਕ ਗੈਲਰੀ ਦਾ 80 ਫ਼ੀਸਦ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਗੈਲਰੀ ਨੂੰ ਪਹਿਲਾਂ 15 ਅਗਸਤ ਨੂੰ ਸ਼ੁਰੂ ਕਰਨ ਦੀ ਯੋਜਨਾ ਸੀ ਪਰ ਹੁਣ ਇਹ ਗੈਲਰੀ ਅਕਤੂਬਰ-ਨਵੰਬਰ ਵਿੱਚ ਸ਼ੁਰੂ ਹੋਵੇਗੀ।